“ਕੁੜੇ ਤੈਨੂੰ ਕਿੰਨੇ ਵਾਰੀ ਕਿਹਾ ਹੈ। ਤੂੰ ਆਹ ਖੇਚਲ ਜਿਹੀ ਨਾ ਕਰਿਆ ਕਰ।”
ਕਿਸੇ ਸਤਸੰਗ ਤੋੰ ਵਾਪਿਸ ਆਉਂਦੀ ਤਾਈ ਨੇ ਮੇਰੀ ਸ਼ਰੀਕ ਏ ਹਯਾਤ ਦੇ ਹੱਥ ਵਿੱਚ ਫੜ੍ਹੇ ਪੈਟੀਜ ਵਾਲੇ ਲਿਫਾਫੇ ਨੂੰ ਵੇਖਦੇ ਸਾਰ ਹੀ ਕਿਹਾ।
“ਕੁੜੀਆਂ ਪੇਕੇ ਮਿਲਣ ਆਉਂਦੀਆਂ ਹੀ ਸੋਹਣੀਆਂ ਲਗਦੀਆਂ ਹਨ। ਉਂਜ ਮਿਲਣਾ ਗਿਲਣਾ ਵਧੀਆ ਲਗਦਾ ਹੈ। ਨਾਲੇ ਧੀਆਂ ਨੂੰ ਦੇਈਦਾ ਹੁੰਦਾ ਹੈ ਲਈਦਾ ਨਹੀਂ।”
ਇਸ ਤੋਂ ਪਹਿਲਾਂ ਕਿ ਉਹ ਕੋਈ ਜਬਾਬ ਦਿੰਦੀ ਤਾਈ ਜੀ ਨੇ ਗੱਲ ਸਿਰੇ ਲਾ ਦਿੱਤੀ।
“ਉਹ ਤਾਰ ਕਿਆਂ ਦੀ ਗੱਡੀ ਤੇ ਸਤਸੰਗ ਤੇ ਗਈ ਹੈ। ਬੀਬੀ ਨੂੰ ਉਹ ਹਰ ਵਾਰ ਸਤਸੰਗ ਤੇ ਲੈ ਜਾਂਦੇ ਹਨ ਆਪਣੀ ਗੱਡੀ ਤੇ। ਬੀਬੀ ਦੀ ਸੀਟ ਤਾਂ ਪੱਕੀ ਹੈ। ਤਾਰ ਕੀ ਗੱਡੀ ਚ।” ਤਾਈ ਦੀ ਵੱਡੀ ਨੂੰਹ ਨੇ ਦੱਸਿਆ। ਤਾਰ ਜਿਸਦਾ ਪੂਰਾ ਨਾਮ ਅਵਤਾਰ ਬੱਬਰ ਹੈ ਘਰਾਂ ਵਿੱਚੋਂ ਮੇਰੀ ਸ਼ਰੀਕ ਏ ਹਯਾਤ ਦਾ ਮਾਮਾ ਲਗਦਾ ਹੈ।
“ਤਾਈ ਜੀ ਮੈਂ ਤਾਂ ਕੁਝ ਵੀ ਨਹੀਂ ਲਿਆਂਦਾ। ਇਹ ਤਾਂ ਜੁਆਕਾਂ ਲਈ ਹੈ। ਛੋਟੇ ਭਤੀਜੇ ਭਤੀਜੀਆਂ ਲਈ ਕੁਝ ਲੈ ਕੇ ਜਾਣਾ ਹਰ ਭੂਆ ਦੀ ਰੀਝ ਹੁਂਦੀ ਹੈ। ਉਸਨੇ ਆਪਣੇ ਦਿਲ ਦੀ ਗੱਲ ਕਹੀ।
ਕੋਈ ਮਹੀਨੇ ਦੋ ਮਹੀਨਿਆਂ ਬਾਅਦ ਤਾਈ ਤੇ ਉਸਦੇ ਪਰਿਵਾਰ ਨੂੰ ਮਿਲਣ ਦਾ ਵਲਵਲਾ ਜਿਹਾ ਸਾਡੇ ਮਨ ਵਿੱਚ ਉਠਦਾ ਹੈ। ਤੇ ਅਸੀਂ ਸਹਿਮਤੀ ਜਿਹੀ ਬਣਾਕੇ ਤਾਈ ਘਰੇ ਜਾ ਵੱਜਦੇ ਹਾਂ। ਇਸ ਬਾਰ ਅਸੀਂ ਵਿਸਕੀ ਨੂੰ ਵੀ ਨਾਲ ਲੈ ਗਏ। ਜੁਆਕ ਵੀ ਖੁਸ਼ ਤੇ ਵਿਸਕੀ ਵੀ। ਕਬੀਲਦਾਰੀ ਦੀਆਂ ਘਰ ਦੀਆਂ ਰਿਸ਼ਤੇਦਾਰੀ ਨਿੱਕੀਆਂ ਨਿੱਕੀਆਂ ਗੱਲਾਂ ਕਰਦੇ ਰਹੇ। ਮਨ ਨੂੰ ਬਹੁਤ ਸਕੂਨ ਮਿਲਿਆ। ਹੋਰ ਤਾਂ ਹੋਰ ਜੁਆਕ ਅੰਮ੍ਰਿਤ, ਹਾਰਸ਼, ਕੋਮਲ ਤੇ ਸੋਨੀਆ ਸਾਰਿਆਂ ਦੇ ਚੇਹਰੇ ਖਿੜ੍ਹ ਜਾਂਦੇ ਹਨ। ਹੁਣ ਹੋਰ ਬਜ਼ੁਰਗ ਕੋਈ ਵੱਡਾ ਤਾਂ ਰਿਹਾ ਨਹੀਂ। ਭਾਰਤੀਆਂ ਜੀਵਨ ਬੀਮੇ ਵਾਂਗੂ ਤਾਈ ਹੀ ਹੁਣ ਸੁਖ ਦੁੱਖ ਦੀ ਸਾਥੀ ਹੈ। ਰੱਬ ਲੰਬੀ ਉਮਰ ਤੇ ਤੰਦਰੁਸਤੀ ਦੇਵੇ ਤਾਈ ਨੂੰ। ਨਹੀਂ ਸੱਚ ਤਾਈ ਜੀ ਨੂੰ। ਧੀਆਂ ਨੂੰ ਤਾਂ ਪੇਕਿਆਂ ਦੇ ਪਿੰਡ ਦਾ ਕੁੱਤਾ ਵੀ ਵਾਧੂ ਖੁਸ਼ੀ ਦਿੰਦਾ ਹੈ ਇਹ ਤਾਂ ਫਿਰ ਵੀ ਸਾਰੇ ਸ਼ਰੀਕੇ ਚੋ ਵੱਡੀ ਤਾਈ ਹੈ। ਜਿਸ ਨੂੰ ਬਚਪਨ ਤੋਂ ਹੀ ਵੇਖਿਆ ਹੀ ਹੈ ਉਸ ਦੇ ਹੱਥਾਂ ਵਿਚ ਪਲੀ ਹੈ ਮੇਰੀ ਸ਼ਰੀਕ ਏ ਹਯਾਤ। ਰਹੀ ਗੱਲ ਮੇਰੀ। ਤਾਣੀ ਜੀ ਦੇ ਘਰੋਂ ਮੈਨੂੰ ਪੂਰਾ ਪਿਆਰ ਮਿਲਦਾ ਹੈ। ਤਾਈ ਦਾ ਦੋਹਾਂ ਹੱਥਾਂ ਨਾਲ ਮੇਰਾ ਸਿਰ ਪਲੂਸਣਾ। ਅਸੀਸ ਦੇਣੀ। ਸਿਹਤ ਦਾ ਹਾਲ ਚਾਲ ਪੁੱਛਣਾ। ਬਿਲਕੁਲ ਸੋਹਰਿਆ ਦੇ ਘਰ ਵਰਗਾ ਸਕੂਨ ਦਿੰਦਾ ਹੈ। ਮਹੀਨਿਆਂ ਦੀ ਥਕਾਵਟ ਉਤਰ ਜਾਂਦੀ ਹੈ ਤੇ ਲਿਪਟਨ ਚਾਹ ਵਰਗੀ ਤਰੋ ਤਾਜ਼ਗੀ ਮਿਲਦੀ ਹੈ। ਰਿਸ਼ਤੇ ਤੇ ਬੂਟੇ ਸੰਭਾਲ ਮੰਗਦੇ ਹਨ। ਨਹੀਂ ਸੁੱਕ ਜਾਂਦੇ ਹਨ। ਤਾਈ ਘਰੋਂ ਆ ਕੇ ਫਿਰ ਦੋ ਦਿਨ ਇਹ ਵੀ ਭੁੱਕੀ ਖਾਧੀ ਵਾਲਿਆਂ ਵਾਂਗੂ ਪੂਰੇ ਹੌਸਲੇ ਵਿੱਚ ਰਹਿੰਦੀ ਹੈ। ਆਪਣਿਆਂ ਨਾਲ ਮੇਲ ਮਿਲਾਪ ਵੀ ਤਾਂ ਇੱਕ ਨਸ਼ਾ ਹੀ ਹੁੰਦਾ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ।