ਸਾਡੇ ਪਿੰਡ ਕਈ ਦੋਧੀ ਦੁੱਧ ਲੈਣ ਆਉਂਦੇ ਸਨ। ਬਿਹਾਰੀ, ਰਾਮਾਂ, ਰੋਸ਼ਨ, ਜੀਤਾ, ਤੇਜਾ ਤੇ ਇੱਕ ਦੋ ਹੋਰ ਸਨ। ਓਹ ਅਕਸਰ ਜਦੋਂ ਸਵੇਰੇ ਯਾ ਸ਼ਾਮੀ ਸ਼ਹਿਰੋਂ ਚਲਦੇ ਤਾਂ ਕਿਸੇ ਨਾ ਕਿਸੇ ਦਾ ਸਮਾਨ ਜਰੂਰ ਲਿਆਉਂਦੇ ਹੁੰਦੇ ਸਨ। ਮਸਲਨ ਕਿਸੇ ਦਾ ਗੁੜ , ਕਿਸੇ ਲਈ ਵੜੇਵੇਂ ਕਿਸੇ ਲਈ ਖੱਲ੍ਹ ਤੇ ਸਮਾਨ ਦੇ ਪੈਸੇ ਓਹ ਦੁੱਧ ਦੇ ਪੈਸਿਆਂ ਚੋ ਹੀ ਕੱਟ ਲੈਂਦੇ ਸਨ। ਤੇ ਸ਼ਾਇਦ ਕੁਝ ਮੁਨਾਫਾ ਵੀ ਖੱਟ ਲੈਂਦੇ ਹੋਣ। ਇੱਕ ਵਾਰੀ ਇੱਕ ਨਵੇ ਬਣੇ ਦੋਧੀ ਨੇ ਕਿਸੇ ਲਈ ਪੰਜ ਕਿਲੋ ਗੁੜ ਦੀ ਭੇਲੀ ਖਰੀਦੀ ਤੇ ਸਾਇਕਲ ਦੇ ਪਿਛੇ ਰੱਖ ਲਈ। ਗਰਮੀ ਦੇ ਦਿਨ ਸਨ। ਓਹ ਗੁੜ ਲੈਕੇ ਪਿੰਡ ਨੂੰ ਆ ਗਿਆ ਜਦੋਂ ਓਹ ਪਿੰਡ ਪਹੁੰਚਿਆ ਤਾਂ ਦੇਖਿਆ ਗੁੜ ਲਗਭਗ ਪਿਘਲ ਚੁਕਿਆ ਸੀ। ਚੱਕਿਆਂ ਦੀਆਂ ਤਾਰਾਂ ਨਾਲ ਵੀ ਗੁੜ ਚਿੰਬੜ ਗਿਆ ਸੀ। ਓਹ ਵਿਚਾਰਾ ਆਸੇ ਪਾਸੇ ਝਾਕੇ। ਪਰ ਹੁਣ ਕੀ ਕੀਤਾ ਜਾ ਸਕਦਾ ਸੀ। ਇਹ ਦੋਧੀ ਅਕਸਰ ਵਾਪਿਸੀ ਵੇਲੇ ਅਕਸਰ ਲੁਹਾਰੇ ਵਾਲੀ ਕੱਸੀ ਤੇ ਵੀ ਆਪਣਾ ਦੋਧੀਆਂ ਵਾਲਾ ਜਰੂਰੀ ਕੰਮ ਕਰਦੇ ਹੁੰਦੇ ਸਨ। ਉਹ ਆਪਣੀ ਪਹੁੰਚ ਅਨੁਸਾਰ ਦੁੱਧ ਵਾਲੀਆਂ ਢੋਲੀਆਂ ਦਾ ਵਜ਼ਨ ਕੱਸੀ ਤੇ ਆਕੇ ਵਧਾ ਲੈਂਦੇ ਸਨ। ਕਿਉਂਕਿ ਇਹਨਾ ਨੂੰ ਪਤਾ ਸੀ ਕਿ ਸ਼ਹਿਰੀਏ ਖਾਲਸ ਦੁੱਧ ਹਾਜਮ ਨਹੀ ਕਰ ਸਕਦੇ। ਇੱਕ ਵਾਰੀ ਕੱਸੀ ਤੇ ਇੱਕ ਦੋਧੀ ਅਜੇ ਆਪਣਾ ਰੂਟੀਨ ਵਰਕ ਕਰਕੇ ਹੀ ਹਟਿਆ ਸੀ ਕਿ ਉਸਨੂੰ ਦੂਰੋਂ ਸਾਇਕਲਾਂ ਤੇ ਆਉਂਦੇ ਦੋ ਪੁਲਸ ਵਾਲੇ ਨਜ਼ਰ ਆਏ। ਕਾਹਲੀ ਅਤੇ ਘਬਰਾਹਟ ਵਿਚ ਓਹ ਫਟਾਫਟ ਸਾਇਕਲ ਲੈਕੇ ਚੱਲ ਪਿਆ ਤੇ ਗਲਤੀ ਨਾਲ ਆਪਣਾ ਮੂਕਾ (ਸਾਫਾ,ਪਰਨਾ) ਪਿਛੇ ਢੋਲੀ ਤੇ ਰੱਖ ਬੈਠਾ। ਥੋੜੀ ਦੂਰ ਜਾਕੇ ਪਤਾ ਲੱਗਿਆ ਕਿ ਉਸਦਾ ਮੂਕਾ ਸਾਇਕਲ ਦੇ ਚੱਕੇ ਤੇ ਚੈਨ ਵਿਚ ਫੱਸ ਗਿਆ ਹੈ। ਹੁਣ ਸਾਇਕਲ ਚੱਲ ਨਹੀ ਸੀ ਰਿਹਾ ਪਿੱਛੇ ਪੁਲਸ ਵਾਲੇ ਤੇ ਘਬਰਾਹਟ ਤਾਂ ਹੋਣੀ ਹੀ ਸੀ। ਫਿਰ ਪੁਲਸ ਵਾਲੇ ਸ਼ਿਪਾਹੀਆਂ ਨੇ ਉਸਦੀ ਸਹਾਇਤਾ ਕੀਤੀ ਤੇ ਬੜੀ ਮੁਸ਼ਕਿਲ ਨਾਲ ਲੀਰੋ ਲੀਰ ਹੋਏ ਮੂਕੇ ਨੂੰ ਕੱਢਕੇ ਸਾਇਕਲ ਚੱਲਣ ਦੇ ਕਾਬਿਲ ਕੀਤਾ। ਪੁਲਸ ਵਾਲਿਆਂ ਨੂੰ ਉਸਦੀ ਘਬਰਾਹਟ ਦੇ ਅਸਲੀ ਕਾਰਨ ਦਾ ਪਤਾ ਨਹੀ ਸੀ ਚਲਿਆ। ਕਿਉਂਕਿ ਓਹ ਤਾਂ ਵਿਚਾਰੇ ਆਪ ਕਿਸੇ ਮੁਸੀਬਤ ਦੇ ਮਾਰੇ ਸਨ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ