ਗੱਲ 1995-96 ਦੀ ਹੈ। ਡੱਬਵਾਲੀ ਅਗਨੀ ਕਾਂਡ ਦੇ ਬਹੁਤੇ ਪੀੜਤ ਲੁਧਿਆਣਾ ਦੇ ਦਯਾਨੰਦ ਮੈਡੀਕਲ ਕਾਲਜ ਤੇ ਹਸਪਤਾਲ ਡੀਐਮਸੀ ਵਿੱਚ ਜ਼ੇਰੇ ਇਲਾਜ ਸਨ। ਬਹੁਤੇ ਮਰੀਜਾਂ ਦੀ ਹਾਲਤ ਨਾਜ਼ੁਕ ਸੀ। ਮਰੀਜਾਂ ਦਾ ਹਾਲਚਾਲ ਪੁੱਛਣ ਅਤੇ ਉਹਨਾਂ ਦੀ ਮੌਜੂਦਾ ਹਾਲਾਤ ਨੂੰ ਕਵਰ ਕਰਨ ਲਈ ਪ੍ਰਿੰਟ ਮੀਡੀਆ ਦਾ ਕੋਈਂ ਨਾਂ ਕੋਈਂ ਕਰਮੀ ਅਕਸਰ ਹੀ ਹਸਪਤਾਲ ਦੇ ਬਚਿਆਂ ਦੇ ਵਾਰਡ ਵਿੱਚ ਆਰਜ਼ੀ ਰੂਪ ਵਿੱਚ ਬਣਾਏ ਬਰਨ ਯੂਨਿਟ ਵਿੱਚ ਗੇੜਾ ਮਾਰਦਾ ਰਹਿੰਦਾ ਸੀ। ਓਦੋਂ ਇਲੈਕਟ੍ਰੋਨਿਕ ਮੀਡੀਆ ਦਾ ਯੁੱਗ ਨਹੀਂ ਸੀ ਆਇਆ ਤੇ ਨਾ ਹੀ ਅੱਜ ਵਾੰਗੂ ਹਰ ਲੱਲੀ ਛੱਲੀ ਆਪਣਾ ਮੋਬਾਇਲ ਚੁੱਕਕੇ ਆਪਣਾ ਚੈੱਨਲ ਚਲਾਉਂਦਾ ਸੀ। ਪ੍ਰਿੰਟ ਮੀਡੀਆ ਦੇ ਵੀ ਗਿਣੇ ਚੁਣੇ ਪੱਤਰਕਾਰ ਆਉਂਦੇ ਸਨ। ਉਹ ਮਰੀਜਾਂ ਨੂੰ ਮਿਲਦੇ ਤੇ ਹੋਰ ਜਾਣਕਾਰੀ ਹਾਸਿਲ ਕਰਦੇ। ਗੰਭੀਰ ਹਾਲਤ ਵਾਲ਼ੇ ਮਰੀਜਾਂ ਵਿਚੋਂ ਕੋਈਂ ਨਾ ਕੋਈਂ ਦਮ ਤੋੜ ਜਾਂਦਾ ਤੇ ਉਹਨਾ ਨੂੰ ਖ਼ਬਰ ਮਿਲ ਜਾਂਦੀ। ਉਹ ਮਰੀਜ਼ ਦੇ ਰਿਸ਼ਤੇਦਾਰਾਂ ਨੂੰ ਬੇਤੁਕੇ ਸਵਾਲ ਪੁੱਛਦੇ। ਹੋਲੀ ਹੋਲੀ ਪੱਤਰਕਾਰ ਸਾਡੇ ਤੋਂ ਹਸਪਤਾਲ ਦੇ ਫੋਨ ਤੇ ਹੀ ਜਾਣਕਾਰੀ ਲੈਣ ਲੱਗ ਪਏ। ਅਕਸਰ ਮੈਂ ਹੀ ਉਹਨਾਂ ਦਾ ਫੋਨ ਅਟੈਂਡ ਕਰਦਾ।
“ਅੱਜ ਕਿੰਨੇ ਮਰੇ?” ਇੱਕ ਸੁਰਿੰਦਰ ਕੁਮਾਰ ਨਾਮ ਦਾ ਪੱਤਰਕਾਰ ਮੈਨੂੰ ਇੰਜ ਹੀ ਪਹਿਲਾ ਸਵਾਲ ਪੁੱਛਦਾ। ਜਿਵੇਂ ਉਹ ਕ੍ਰਿਕੇਟ ਦਾ ਸਕੋਰ ਪੁੱਛ ਰਿਹਾ ਹੋਵੇ। ਮੈਨੂੰ ਗੁੱਸਾ ਤਾਂ ਬਹੁਤ ਆਉਂਦਾ ਪਰ ਮੈਂ ਬੋਲਦਾ ਕੁਝ ਨਾ। ਇਸ ਬਾਰੇ ਮੈਂ ਮੇਰੇ ਪਾਪਾ ਜੀ ਨਾਲ ਗੱਲ ਕੀਤੀ। ਉਹਨਾਂ ਨੂੰ ਵੀ ਇਹ ਮਹਿਸੂਸ ਹੋਇਆ। ਪਾਪਾ ਜੀ ਨੇ ਸ੍ਰੀ ਰਾਮਪ੍ਰਕਾਸ਼ ਸੇਠੀ ਨਾਲ ਗੱਲ ਕੀਤੀ। ਸੇਠੀ ਐਂਕਲ ਦੇ ਵੀ ਕੁਝ ਕੁ ਪਰਿਵਾਰਿਕ ਮੈਂਬਰ ਅਗਨੀ ਕਾਂਡ ਪੀੜਤ ਸਨ ਤੇ ਉਥੇ ਦਾਖਿਲ ਸਨ। ਐਂਕਲ ਰਾਮਪ੍ਰਕਾਸ਼ ਲੀਡਰ ਆਦਮੀ ਸਨ ਤੇ ਆਜ਼ਾਦੀ ਘੁਲਾਟੀਏ ਵੀ। ਉਹਨਾ ਨੂੰ ਬੋਲਣ ਦਾ ਸਲੀਕਾ ਸੀ। ਅਗਲੇ ਦਿਨ ਜਦੋਂ ਪੱਤਰਕਾਰ ਸਾਹਿਬ ਦਾ ਫੋਨ ਆਇਆ ਤਾਂ ਮੈਂ ਫੋਨ ਐਂਕਲ ਸ੍ਰੀ ਰਾਮਪ੍ਰਕਾਸ਼ ਸੇਠੀ ਨੂੰ ਪਕੜਾ ਦਿੱਤਾ। ਐਂਕਲ ਤਿਆਰ ਹੀ ਬੈਠੇ ਸਨ। ਓਹਨਾ ਨੇ ਪੱਤਰਕਾਰ ਸਾਹਿਬ ਦੀ ਖੂਬ ਰੇਲ ਬਣਾਈਂ। ਉਸ ਨੂੰ ਬੋਲਣ ਦੀ ਤਮੀਜ਼ ਸਿਖਾਈ। ਦੁਖੀ ਲੋਕਾਂ ਦੀਆਂ ਭਾਵਨਾਵਾਂ ਸਮਝਣ ਦੀ ਨਸੀਅਤ ਦਿੱਤੀ। ਉਸ ਤੋਂ ਬਾਅਦ ਪੱਤਰਕਾਰ ਨੂੰ ਬੋਲਣ ਦੀ ਤਮੀਜ਼ ਆ ਗਈ। ਕਿਸੇ ਮੁਸੀਬਤ ਦੇ ਮਾਰੇ ਨੂੰ ਸਵਾਲ ਪੁੱਛਣ ਦਾ ਵੀ ਇੱਕ ਢੰਗ ਹੁੰਦਾ ਹੈ ਜੋ ਸਿੱਖਣਾ ਪੈਂਦਾ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ