ਅੱਜ ਇਸ ਕਾਲਮ ਵਿੱਚ ਕੁਝ ਵੱਖਰਾ ਲਿਖਣ ਦਾ ਇਰਾਦਾ ਹੈ ਸਕੂਲ ਬਾਰੇ ਕਾਫੀ ਕੁਝ ਲਿਖ ਲਿਆ। ਹੁਣ ਰਹਿਮਤ ਦੀ ਗੱਲ ਕਰਦੇ ਹਾਂ। ਮੇਰੇ ਭਤੀਜੇ ਦਾ ਜਨਮ 1990 ਨੂੰ ਹੋਇਆ ਸੀ। ਪਰ ਉਸ ਨੂੰ ਪੀਲੀਏ ਦੀ ਸ਼ਿਕਾਇਤ ਰਹਿਣ ਲੱਗ ਪਈ। ਬਹੁਤ ਸਾਰੀਆਂ ਦਵਾਈਆਂ ਲਈਆਂ ਪਰ ਕੋਈਂ ਫਰਕ ਨਹੀਂ ਪਿਆ। ਅੰਗਰੇਜ਼ੀ ਦਵਾਈਆਂ ਤੋਂ ਇਲਾਵਾ ਦੇਸੀ ਟੋਟਕੇ ਵੀ ਵਰਤੇ ਗਏ। ਇਥੋਂ ਦੇ ਡਾਕਟਰਾਂ ਨੇ ਤਾਂ ਲਗਭਗ ਜਬਾਬ ਹੀ ਦੇ ਦਿੱਤਾ ਸੀ। ਉਹਨਾਂ ਮੁਤਾਬਿਕ ਹੁਣ ਇਹ ਚੂਸੇ ਸੰਤਰੇ ਵਰਗਾ ਕਹਿ ਦਿੱਤਾ। ਕਿਸੇ ਦੇ ਦੱਸੇ ਅਨੁਸਾਰ ਉਸਦੇ ਗਰਮ ਸੋਨੇ ਦਾ ਟੱਕ ਵੀ ਲਗਵਾਇਆ ਗਿਆ। ਪਰ ਕੋਈਂ ਫਰਕ ਨਾ ਪਿਆ। ਕਿਸੇ ਨੇ ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ ਜਾਣ ਦਾ ਮਸ਼ਵਰਾ ਦਿੱਤਾ। ਪਰ ਓਥੇ ਜਾਣ ਲਈ ਜੇਬ ਵਿੱਚ ਲੱਖ ਰੁਪਈਆ ਚਾਹੀਦਾ ਸੀ। ਅਸੀਂ ਮਸਾਂ ਪੱਚੀ ਕੁ ਹਜ਼ਾਰ ਦਾ ਇੰਤਜਾਮ ਕਰ ਸਕੇ। ਦਿੱਲੀ ਜਾਣ ਤੋਂ ਪਹਿਲਾਂ ਅਸੀਂ ਪੂਰਾ ਪਰਿਵਾਰ ਹਜ਼ੂਰ ਪਿਤਾ ਜੀ ਦੇ ਦਰਸ਼ਨ ਕਰਨ ਦਰਬਾਰ ਚਲੇ ਗਏ। ਪਿਤਾ ਜੀ ਨੇ ਸ਼ਾਮ ਨੂੰ ਮਜਲਿਸ ਤੇ ਆਉਣਾ ਸੀ। ਉਥੇ ਅਸੀਂ ਬਾਈ ਮੋਹਨ ਲਾਲ ਤੇ ਦਰਸ਼ਨ ਪ੍ਰਧਾਨ ਨੂੰ ਮਿਲੇ। ਕੁਦਰਤੀ ਉਸ ਦਿਨ ਸ੍ਰੀ ਗੁਰੂਸਰ ਮੋੜੀਆ ਤੋਂ ਬਾਈ ਮਿੱਠੂ ਸਿੰਘ ਅਤੇ ਬਾਈ ਗੁਰਜੰਟ ਸਿੰਘ ਵੀ ਆਏ ਹੋਏ ਸਨ। ਸਭ ਨੇ ਪੂਰਾ ਪ੍ਰੇਮ ਦਿਖਾਇਆ। ਸਾਨੂੰ ਸਾਰਿਆਂ ਨੂੰ ਲੰਗਰ ਹਾਲ ਲਿਜਾਕੇ ਚਾਹ ਛਕਾਈ ਗਈ ਤੇ ਨਾਲ ਖੋਏ ਦੀਆਂ ਪਿੰਨੀਆਂ ਦਾ ਪ੍ਰਸ਼ਾਦ ਵੀ ਦਿੱਤਾ। ਇਹ ਜਨਵਰੀ ਮਹੀਨੇ ਦੇ ਆਖਰੀ ਹਫਤੇ ਦੀ ਗੱਲ ਹੈ। ਪਾਪਾ ਜੀ ਹੁਰੀ ਮੇਰੇ ਭਤੀਜੇ ਨੂੰ ਲੈਕੇ ਦਿੱਲੀ ਚਲੇ ਗਏ। ਸ਼ਾਮ ਨੂੰ ਬਾਈ ਮਿੱਠੂ ਸਿੰਘ ਜੀ ਨੇ ਪਿਤਾ ਜੀ ਨਾਲ ਮੇਰੇ ਭਤੀਜੇ ਬਾਰੇ ਉਚੇਚੀ ਗੱਲ ਕੀਤੀ। ਪਿਤਾ ਜੀ ਨੇ ਅਸ਼ੀਰਵਾਦ ਦਿੱਤਾ ਤੇ ਠੀਕ ਹੋਣ ਦੇ ਬਚਨ ਫ਼ਰਮਾਏ। ਸਰ ਗੰਗਾ ਰਾਮ ਹਸਪਤਾਲ ਵਿੱਚ ਡਾਕਟਰਾਂ ਨੇ ਮਰੀਜ ਨੂੰ ਦਾਖਿਲਾ ਕਰਨ ਤੋਂ ਇਨਕਾਰ ਕਰ ਦਿੱਤਾ। ਪਾਪਾ ਜੀ ਨੇ ਇਕਾਂਤ ਵਿੱਚ ਜਾਕੇ ਪਿਤਾ ਜੀ ਨੂੰ ਅਰਜ਼ ਕੀਤੀ ਤੇ ਕਿਹਾ ਕਿ ਇਲਾਜ ਤੋਂ ਬਿਨਾਂ ਕਿਵੇਂ ਜਿੰਦਗੀ ਬਚੇਗੀ। ਉਸ ਅਰਦਾਸ ਦਾ ਤਰੁੰਤ ਅਸਰ ਹੋਇਆ। ਡਾਕਟਰ ਸਾਹਿਬਾਂ ਨੇ ਤਰੁੰਤ ਬਾਹਰ ਸੇਵਾਦਾਰ ਭੇਜ ਕੇ ਪਾਪਾ ਜੀ ਨੂੰ ਬੁਲਾਇਆ ਤੇ ਬੱਚੇ ਨੂੰ ਦਾਖਿਲ ਕਰਨ ਲਈ ਕਿਹਾ। ਉਹ ਕਈ ਦਿਨ ਓਥੇ ਰਿਹਾ ਤੇ ਪੇਟ ਦਾ ਕਾਫੀ ਲੰਬਾ ਚੋੜਾ ਅਪਰੇਸ਼ਨ ਹੋਇਆ। ਦਿਨਾਂ ਵਿੱਚ ਹੀ ਮੇਰਾ ਭਤੀਜਾ ਨੋ ਬਰ ਨੋ ਹੋ ਗਿਆ। ਹਸਪਤਾਲ ਤੋਂ ਛੁੱਟੀ ਹੋਣ ਸਮੇਂ ਸਾਡੇ ਵੱਲੋਂ ਜਮਾਂ ਕਰਵਾਈ ਰਕਮ ਵਿਚੋਂ ਵੀ ਸਾਨੂੰ ਕੁਝ ਪੈਸੇ ਵਾਪਿਸ ਕਰ ਦਿੱਤੇ ਗਏ। ਉਂਜ ਹਸਪਤਾਲਾਂ ਵਿੱਚ ਛੁੱਟੀ ਕਰਨ ਸਮੇਂ ਮਰੀਜ ਦਾ ਜਦੋ ਬਿੱਲ ਬਣਾਉਂਦੇ ਹਨ ਤਾਂ ਮਰੀਜ ਤੋਂ ਪੈਸੇ ਲਏ ਜਾਂਦੇ ਹਨ। ਦਿੱਲੀ ਤੋਂ ਵਾਪੀਸ ਡੱਬਵਾਲੀ ਹੁੰਦੇ ਹੋਏ ਪੂਰਾ ਪਰਿਵਾਰ ਫਿਰ ਪਿਤਾ ਜੀ ਦੇ ਦਰਸ਼ਨ ਕਰਨ ਦਰਬਾਰ ਰੁਕਿਆ। ਪਿਤਾ ਜੀ ਜਾਣੀ ਜਾਣ ਹਨ ਪਰ ਪਿਤਾ ਜੀ ਨੇ ਹਸਪਤਾਲ ਤੇ ਬਿਮਾਰੀ ਦਾ ਪੂਰਾ ਹਾਲ ਪੁੱਛਿਆ। ਫਕੀਰ ਦੀਆਂ ਨਜ਼ਰਾਂ ਵਿੱਚ ਹੀ ਰਹਿਮਤ ਹੁੰਦੀ ਹੈ।ਉਹ ਆਪਣੀ ਦ੍ਰਿਸਟਿ ਨਾਲ ਸਭ ਕੁਝ ਠੀਕ ਕਰ ਦਿੰਦੇ ਹਨ। ਉਹਨਾ ਦਾ ਅਸ਼ੀਰਵਾਦ ਵੱਡੀ ਤੋਂ ਵੱਡੀ ਬਿਮਾਰੀ ਨੂੰ ਖਤਮ ਕਰ ਦਿੰਦਾ ਹੈ। ਇਹ ਹੀ ਰਹਿਮਤ ਹੁੰਦੀ ਹੈ। ਸਤਿਗੁਰੂ ਦੀ ਬਖਸ਼ਿਸ਼ ਨਾਲ ਹੀ ਸਥਾਈ ਖੁਸ਼ੀਆਂ ਮਿਲਦੀਆਂ ਹਨ।
#ਰਮੇਸ਼ਸੇਠੀਬਾਦਲ