1979 80 ਦਾ ਸਾਲ ਮੈਂ ਸਰਕਾਰੀ ਨੈਸ਼ਨਲ ਕਾਲਜ ਸਰਸਾ ਵਿਖੇ ਬੀ ਕਾਮ ਭਾਗ ਪਹਿਲਾ ਪਾਸ ਕਰਨ ਲਈ ਲਗਾਇਆ। ਸਾਰਾ ਸਾਲ ਹੀ ਮੈਂ ਬੱਸ ਤੇ ਆਉਂਦਾ ਜਾਂਦਾ ਰਿਹਾ। ਲੰਚ ਦੇ ਨਾਮ ਤੇ ਮੈਂ ਘਰੋਂ ਦੋ ਪਰੌਂਠੇ ਲੈ ਜਾਂਦਾ। ਕਾਲਜ ਦੇ ਨਾਲ ਲਗਦੇ ਢਾਬੇ ਤੋਂ ਅੱਧੀ ਪਲੇਟ ਸੁੱਕੀ ਸਬਜ਼ੀ ਕਦੇ ਭਰਥਾ ਕਦੇ ਭਿੰਡੀ ਯ ਦਹੀਂ ਲੈ ਲੈਂਦਾ। ਇਸ ਤਰਾਂ 75 ਪੈਸਿਆਂ ਨਾਲ ਮੈਂ ਵਧੀਆ ਗੁਜ਼ਾਰਾ ਕਰ ਲੈਂਦਾ। ਕਦੇ ਦਾਲ ਫਰਾਈ ਨਾ ਲੈਂਦਾ ਕਿਉਂਕਿ ਉਹ ਸਵਾ ਰੁਪਏ ਦੀ ਹੁੰਦੀ ਸੀ। ਬਹੁਤੇ ਵਾਰੀ ਤਾਂ ਮੇਰੇ ਕੋਲ ਹੀ ਗਾਜਰ ਯ ਅੰਬ ਦਾ ਆਚਾਰ ਹੁੰਦਾ ਤੇ ਕਈ ਵਾਰੀ ਹਰੀ ਮਿਰਚ ਦਾ। ਫ਼ਿਰ ਡਿਪਟੀ ਡਾਇਰੈਕਟਰ ਵੈਟਨਰੀ ਦਾ ਲੜਕਾ ਉਪਿੰਦਰ ਕਸ਼ਯਪ ਮੇਰਾ ਦੋਸਤ ਬਣ ਗਿਆ। ਅਸੀਂ ਇਕੱਠੇ ਲੰਚ ਕਰਦੇ। ਉਹ ਲੋਕਲ ਹੋਣ ਦੇ ਬਾਵਜੂਦ ਵੀ ਲੰਚ ਨਹੀਂ ਸੀ ਲਿਆਉਂਦਾ। ਕਿਉਂਕਿ ਉਸਦੀ ਮੰਮੀ ਉਸਨੂੰ ਘਰੇ ਆ ਕੇ ਗਰਮ ਰੋਟੀ ਖਾਣ ਲਈ ਮਜਬੂਰ ਕਰਦੀ ਸੀ। ਪਰ ਓਹ ਮੇਰੇ ਨਾਲ ਰੁੱਖੀ ਸੁੱਖੀ ਖਾਕੇ ਖੁਸ਼ ਸੀ। ਉਸਨੂੰ ਵੇਖਕੇ ਮੈਂ ਤਿੰਨ ਪਰੌਂਠੇ ਲਿਜਾਣੇ ਸ਼ੁਰੂ ਕਰ ਦਿੱਤੇ। ਤੇ ਫ਼ਿਰ ਚਾਰ। ਜਦੋ ਮੇਰੀ ਮਾਂ ਨੂੰ ਪਤਾ ਲੱਗਿਆ ਕਿ ਮੇਰਾ ਦੋਸਤ ਵੀ ਨਾਲ ਖਾਂਦਾ ਹੈ ਤਾਂ ਉਹ ਕਦੇ ਗੁੜ ਕਦੇ ਸਾਗ ਯ ਫ਼ਿਰ ਸੁੱਕੀ ਸਬਜ਼ੀ ਨਾਲ ਬੰਨ ਦਿੰਦੀ। ਇਹ ਸਿਲਸਿਲਾ ਕਾਫੀ ਦੇਰ ਤੱਕ ਚਲਦਾ ਰਿਹਾ।
ਮਾਰਚ ਦੇ ਨੇੜੇ ਜਦੋ ਸ਼ੈਸ਼ਨ ਖਤਮ ਹੋਣ ਵਾਲਾ ਸੀ ਤਾਂ ਇੱਕ ਦਿਨ ਉਸਨੇ ਮੈਨੂੰ ਲੰਚ ਦੀ ਦਾਵਤ ਦਾ ਸੱਦਾ ਦਿੱਤਾ। ਡਾਈਨਿੰਗ ਟੇਬਲ ਤੇ ਆਲੂ ਮਟਰ ਦੀ ਸਬਜ਼ੀ ਨਾਲ ਇੱਕ ਸੁੱਕੀ ਸਬਜ਼ੀ ਵੀ ਸੀ। ਛੋਟੀਆਂ ਛੋਟੀਆਂ ਕੌਲੀਆਂ ਵਿੱਚ ਦਹੀਂ ਦਾ ਬਣਾਇਆ ਰਾਇਤਾ ਸੀ। ਕਿਉਂਕਿ ਦਹੀਂ ਵਿਚ ਪਿਆਜ਼ ਤੇ ਟਮਾਟਰ ਹੀ ਕੁਤਰਿਆ ਸੀ। ਜੋ ਮੇਰੇ ਲਈ ਨਵੀਂ ਚੀਜ਼ ਸੀ। ਅਸੀਂ ਤਾਂ ਆਲੂ ਉਬਾਲ ਕੇ ਯ ਮੋਟੀਆਂ ਪਕੌੜੀਆਂ ਦਾ ਰਾਇਤਾ ਹੀ ਬਨਾਉਂਦੇ ਸੀ। ਇੱਕ ਪਲੇਟ ਵਿਚ ਅੱਧਾ ਪਿਆਜ਼ ਤੇ ਅੱਧਾ ਟਮਾਟਰ ਕੱਟਿਆ ਗਿਆ ਸੀ ਜਿਸ ਨੂੰ ਅਮੀਰ ਲੋਕ ਸਲਾਦ ਆਖਦੇ ਸਨ। ਕਾਗਜ਼ ਵਰਗੇ ਪਤਲੇ ਪਤਲੇ ਕਈ ਫੁਲਕੇ ਖਾ ਕੇ ਵੀ ਤਸੱਲੀ ਨਹੀਂ ਹੋਈ। ਮੇਰੇ ਲਈ ਸਭ ਕੁਝ ਨਵਾਂ ਸੀ।
“ਸੌਰੀ ਯਾਰ ਰਮੇਸ਼ ਵੋ ਬਾਤ ਤੋ ਨਹੀਂ ਬਣੀ ਜੋ ਆਪ ਕੇ ਖਾਣੇ ਮੇੰ ਹੋਤੀ ਹੈ। ਮਜ਼ਾ ਨਹੀਂ ਆਇਆ।” ਉਸਨੇ ਕਿਹਾ ਤੇ ਉਸਦੀ ਅੱਖ ਗਿੱਲੀ ਸੀ। ਕਹਿਣਾ ਮੈਂ ਵੀ ਇਹੀ ਚਾਹੁੰਦਾ ਸੀ ਪਰ ਸਿਸਟਾਚਾਰ ਨਾਤੇ ਕਹਿ ਨਹੀਂ ਸੀ ਸਕਦਾ। ਪੈਂਡੂ ਅਤੇ ਸ਼ਹਿਰੀ ਰੋਟੀ ਚ ਆਹੀ ਫਰਕ ਹੁੰਦਾ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ