ਖੁਸਰੇ | khusre

ਅਸੀਂ ਛੋਟੇ ਛੋਟੇ ਹੁੰਦੇ ਸੀ। ਪਿੰਡ ਵਿੱਚ ਖੁਸਰੇ ਨੱਚਣ ਆਏ। ਸਾਡੇ ਵੇਹੜੇ ਚ ਓਦੋ ਕਈ ਘਰਾਂ ਦੇ ਮੁੰਡੇ ਜੰਮੇ ਸੀ। ਜਿਹੜੇ ਘਰੇ ਖੁਸਰੇ ਜਾਣ ਅਸੀਂ ਵੀ ਨਾਲ ਨਾਲ।ਸਾਡੀ ਨਾਲਦੀ ਗਲੀ ਵਿੱਚ ਜਿੰਨੇ ਵੀ ਘਰ ਸੀ ਓਹਨਾ ਨੂੰ ਮਸ਼ੀਨ ਆਲੇ ਆਖਦੇ ਸੀ। ਕਿਉਂਕਿ ਓਹਨਾ ਪਿੰਡ ਵਿੱਚ ਆਟਾ ਚੱਕੀ ਤੇ ਪੇਂਜਾ ਲਾਈ ਸੀ ਉਹ ਵੱਡੇ ਸਾਰੇ ਇੰਜਣ ਨਾਲ ਚਲਦੀ ਸੀ।
ਫਿਰ ਖੁਸਰੇ ਮਸ਼ੀਨ ਆਲਿਆਂ ਦੀ ਗਲੀ ਚ ਚਲੇ ਗਏ। ਇੱਕ ਘਰ ਦਾ ਬਾਬਾ ਵੀ ਨਾਲ ਹੀ ਸੀ। ਉਹ ਵਾਰੀ ਵਾਰੀ ਖੁਸਰਿਆਂ ਨੂੰ ਮਸ਼ਕਰੀ ਕਰੇ ਤੇ ਗੋਲ ਮੋਲ ਗੱਲਾਂ ਕਰੇ। ਆਖਿਰ ਖੁਸਰੇ ਥੋੜਾ ਤੰਗ ਆ ਗਏ ।ਓਹਨਾ ਬਾਬੇ ਦੀ ਬਾਂਹ ਫੜ੍ਹ ਲਾਇ ਤੇ ਗੇੜਾ ਦੇਣ ਲਈ ਆਖਿਆ। ਦੂਜੇ ਖੁਸਰੇ ਨੇ ਬਾਬੇ ਦੀ ਧੋਤੀ ਨੂੰ ਹੱਥ ਪਾ ਲਿਆ।
ਜਾ ਤਾਂ ਬਾਬਾ ਗੇੜਾ ਦੇ ਦੇ। ਨਹੀਂ ਤਾਂ ਮੈਂ ਧੋਤੀ ਖਿੱਚਦੀ ਹਾਂ।ਓਹਨਾ ਦਿਨਾਂ ਵਿੱਚ ਬਾਬੇ ਧੋਤੀ ਬਿਨਾ ਕੱਛੇ ਯ ਕਛਿਹਰੇ ਤੋਂ ਹੀ ਬੰਨ ਦੇ ਸਨ। ਸਰਦੀ ਦੇ ਦਿਨਾਂ ਵਿੱਚ ਬਾਬੇ ਨੂੰ ਮੁੜਕਾਂ ਆ ਗਿਆ। ਓਹਨਾ ਦੀਆਂ ਦੋਵੇ ਸ਼ਰਤਾਂ ਬਾਬੇ ਲਈ ਨਾ ਮੰਨਣ ਯੋਗ ਸਨ। ਆਖਿਰ ਬਾਬੇ ਨੇ ਆਪਣੀਆਂ ਨੂੰਹਾਂ ਧੀਆਂ ਤੇ ਹੋਰ ਮਹੱਲੇ ਦੀਆਂ ਔਰਤਾਂ ਸਾਹਮਣੇ ਖੁਸਰਿਆਂ ਤੋਂ ਮਾਫੀ ਮੰਗੀ।
ਫਿਰ ਬਾਬਾ ਕਿਸੇ ਘਰੇ ਨਜ਼ਰ ਨਹੀਂ ਆਇਆ। ਤੇ ਸੱਥ ਵਿੱਚ ਵੀ ਬਾਬੇ ਦੀ ਵਾਹਵਾ ਚਰਚਾ ਹੁੰਦੀ ਰਹੀ ਕਈ ਦਿਨ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ

Leave a Reply

Your email address will not be published. Required fields are marked *