ਸ਼ਹਿਰ ਦੀ ਜੰਮ ਪਲ਼ ਹੋਣ ਕਰਕੇ ਪਿੰਡਾਂ ਦੇ ਨਜ਼ਾਰੇ ਹਮੇਸ਼ਾ ਹੀ ਮੇਰੇ ਲਈ ਖਿੱਚ ਦਾ ਕੇਂਦਰ ਬਣੇ ਰਹਿੰਦੇ,,,,,।
ਬਚਪਨ ਚ ਜਦ ਵੀ ਜੂਨ ਦੇ ਮਹੀਨੇ ਚ ਪਿੰਡ ਜਾਣਾ ਹੁੰਦਾ ਮੈਂਨੂੰ ਵਿਆਹ ਜਿਨਾਂ ਚਾਅ ਚੜ੍ਹ ਜਾਂਦਾ।
ਜਦ ਪਹੁੰਚਦੇ ਤਾ ਮੰਜੇ ਤੇ ਪਈ ਨਾਨੀ ਦਾ ਮੂੰਹ ਬੂਹੇ ਵਲ ਹੀ ਹੁੰਦਾ ,,,,ਖੌਰੇ ਸਾਨੂੰ ਹੀ ਉਡੀਕਦੀ ,,ਨਜ਼ਰਾਂ ਟਿਕਾਈ ਰੱਖਦੀ,,,,। ਮਾਮੇ ਤੋਂ ਵੱਧ ਖੁਸ਼ੀ ਮਾਮੀ ਨੂੰ ਹੁੰਦੀ।
ਨਾਨੀ ਦੇ ਵਿਹੜੇ ਲੱਗੀ ਨਿੰਮ ਵੀ ਸ਼ਾਇਦ ਮੈਨੂੰ ਆਪਣੇ ਨਾਲ ਗਲਵਕੜੀ ਪਾਉਣ ਲਈ ਅਵਾਜ਼ਾਂ ਮਾਰਦੀ।
ਮਾਮਾ ਨਿੰਮ ਤੇ ਉਚੇਚੇ ਤੌਰ ਤੇ ਮੇਰੇ ਲਈ ਪੀਂਘ ਪਾਉਂਦਾ।
ਝੂਟੇ ਦਿੰਦਾ ਆਖਦਾ,’ਮੇਰਾ ਸ਼ੇਰ ਪੁੱਤ ਟਾਹਣ ਨੂੰ ਹੱਥ ਲਾ ਕੇ ਵਖਾ,,, ਮੈਂ ਡਰਦੀ,, ਘਬਰਾਉਂਦੀ ਪੀਘ ਰੋਕਣ ਲਈ ਸ਼ੋਰ ਮਚਾਉਂਦੀ।
ਸਾਰਾ ਦਿਨ ਮੈਂ ਨਿੰਮ ਦੇ ਆਲੇ ਦੁਆਲੇ ਘੁੰਮਦੀ ਰਹਿੰਦੀ,,,,।ਰੋਟੀ ਖਵਾਉਣ ਲੱਗਿਆ ਨਾਨੀ ਮਾਮੀ ਨੂੰ ਖਾਸ ਹਿਦਾਇਤ ਦਿੰਦੀ ਕੇ ਇਹ ਮੰਝੇ ਤੇ ਬੈਠ ਕੇ ਰੋਟੀ ਖਾਣ ਦੇ ਆਦੀ ਨਹੀਂ,,।
ਇਹਨਾਂ ਲਈ ਨਿੰਮ ਹੇਠ ਕੁਰਸੀਆ ਤੇ ਮੇਜ ਲੈ ਆਈ ਅੰਦਰੋਂ,,।
ਨਿੰਮ ਤੇ ਬੈਠੇ ਚਿੜੀਆਂ ਕਾਂ ਮੈਨੂੰ ਬੜੇ ਪਿਆਰੇ ਲਗਦੇ,,,ਮੈਂ ਫੜਨ ਦੀ ਜ਼ਿਦ ਕਰਦੀ ,,,ਮਾਮਾ ਮੇਰਾ ਦਿਲ ਪਰਚਾਉਣ ਲਈ ਘੁੱਗੀਆਂ ਚਿੜੀਆਂ ਪਿੱਛੇ ਭੱਜ ਕੇ ਫੜਨ ਦਾ ਨਾਟਕ ਕਰਦਾ।ਨਲਕੇ ਦਾ ਪਾਣੀ ਮੈਨੂੰ ਸਾਡੇ ਫਰਿੱਜ ਦੇ ਪਾਣੀ ਤੋਂ ਕਿਤੇ ਠੰਡਾ ਤੇ ਚੰਗਾ ਲੱਗਦਾ,,,।ਨਾਨੀ ਦੀ ਨਿੰਮ ਹੇਠ ਬੱਚਿਆਂ ਦਾ ਮੇਲਾ ਲੱਗਾ ਰਹਿੰਦਾ,,,ਉਹ ਮੈਨੂੰ ਬਹੁਤ ਗਹੁ ਨਾਲ ਵੇਖਦੇ ,,,,ਮੇਰੇ ਕੱਪੜੇ ਤੇ ਮੇਰੀਆਂ ਸ਼ਹਿਰੀ ਗੱਲਾਂ ਉਹਨਾਂ ਨੂੰ ਪਸੰਦ ਆਉਂਦੀਆਂ,,,,।
ਪਰ ਮੈਨੂੰ ਤੇ ਉਹ ਮਿੱਟੀ ਚ ਲਿਬੜੇ ਕਿਸੇ ਵੀ ਵਖਾਵੇ ਤੋਂ ਕੋਹਾਂ ਦੂਰ ਸ਼ਹਿਰੀ ਦੋਸਤਾਂ ਤੋਂ ਵੱਧ ਪਿਆਰੇ ਲੱਗਦੇ।
ਹੌਲ਼ੀ ਹੌਲ਼ੀ ਸਾਲ ਬੀਤਦੇ ਗਏ,,,ਹਲਾਤ ਬਦਲਦੇ ਗਏ,,ਪਾਣੀ ਡੂੰਘੇ ਹੋਣ ਕਰਕੇ ਮਾਮੇ ਨੂੰ ਘਰ ਤੇ ਜ਼ਮੀਨ ਵੇਚ ਕੇ ਕਿਤੇ ਹੋਰ ਜਾਣਾ ਪਿਆ।
ਨਾਨੀ ਹੁਣੀ ਜਦ ਸਮਾਨ ਲੈ ਕੇ ਜਾ ਰਹੇ ਸਨ ਤਾਂ ਇਓਂ ਲੱਗ ਰਿਹਾ ਹੋਵੇ ਜਿਵੇਂ ਨਿੰਮ ਅਵਾਜ਼ਾਂ ਮਾਰ ਰਹੀ ਹੋਵੇ ਤੇ ਕਹਿ ਰਹੀ ਹੋਵੇ ,,,”ਮੈਨੂੰ ਛੱਡ ਕੇ ਨਾ ਜਾਓ”
ਘਰ ਵਿਕ ਜਾਣ ਤੋਂ ਬਾਦ ਇਓਂ ਲੱਗਦੈ,,,ਜਿਵੇਂ ਨਾਨੀ ਦੇ ਵਿਹੜੇ ਨਿੰਮ ਨਾਲ ਜੁੜੀਆਂ ਸਾਰੀਆਂ ਯਾਦਾਂ ਵੀ ਗੁਆਚ ਗਈਆ ਕਿਧਰੇ,,,,,।