ਮੈਂ ਤੜਕੇ ਉੱਠ ਪਿਆ..ਹੌਲੀ ਜਿਹੀ ਜਾ ਗੇਟ ਤੋਂ ਅਖਬਾਰ ਚੁੱਕੀ..ਏਨੀ ਹੌਲੀ ਕੇ ਕਿਧਰੇ ਕਮਰੇ ਵਿਚ ਸੁੱਤਾ ਮੇਰਾ ਪੋਤਰਾ ਜਗਜੀਤ ਸਿੰਘ ਹੀ ਨਾ ਜਾਗ ਜਾਵੇ..ਵਰ੍ਹਿਆਂ ਬਾਅਦ ਕੱਲ ਹੀ ਤਾਂ ਅਮਰੀਕਾ ਤੋਂ ਪਰਤਿਆ ਸੀ..!
ਕੀ ਵੇਖਿਆ ਵੇਹੜੇ ਖਲੋਤੀ ਮੇਰੀ ਕਾਰ ਲਿਸ਼ਕਾਂ ਮਾਰ ਰਹੀ ਸੀ..ਹੈਰਾਨ ਸਾਂ ਸੁਵੇਰੇ ਸੁਵੇਰੇ ਭਲਾ ਕੌਣ ਸਾਫ ਕਰ ਗਿਆ?
ਓਸੇ ਵੇਲੇ ਮਗਰ ਲੁਕੇ ਜਗਜੀਤ ਸਿੰਘ ਨੇ ਆਣ ਜੱਫੀ ਪਾਈ..ਆਖਣ ਲੱਗਾ ਕੱਢੋ ਮੇਰੇ ਦਸ ਰੁਪਈਏ..ਓਹੀ ਦਸ ਜਿਹੜੇ ਨਿੱਕੇ ਹੁੰਦੇ ਨੂੰ ਸਕੂਟਰ ਸਾਫ ਕਰਨ ਮਗਰੋਂ ਦਿਆ ਕਰਦੇ ਸੋ..!
ਮੈਂ ਦਲੀਲ ਦਿੱਤੀ..ਮਿਲੀਅਨ ਡਾਲਰਾਂ ਦਾ ਤੇਰਾ ਪੈਕੇਜ..ਹੋਰ ਬੇਸ਼ੁਮਾਰ ਸੁੱਖ ਸਹੂਲਤਾਂ..ਦਸ ਰੁਪਈਏ ਲੈ ਕੇ ਕੀ ਕਰੇਗਾ?
ਆਖਣ ਲੱਗਾ..ਬਾਈ ਵਰੇ ਪਿੱਛੇ ਵਾਲੀ ਅਨੰਦਮਈ ਦੁਨੀਆ ਵਿਚ ਵਾਪਿਸ ਪਰਤਣਾ ਚਾਹੁੰਦਾ ਹਾਂ ਤੇ ਇਹ ਕੰਮ ਸਿਰਫ ਤੇ ਸਿਰਫ ਤੁਹਾਡਾ ਦਿੱਤਾ ਦਸਾਂ ਦਾ ਇੱਕ ਨੋਟ ਹੀ ਕਰ ਸਕਦਾ ਏ!
ਹਰਪ੍ਰੀਤ ਸਿੰਘ ਜਵੰਦਾ