ਬੰਬੀ ਕਾਫੀ ਹਟਵੀਂ ਸੀ..ਡੇਢ ਦੋ ਮੀਲ..ਰਾਹ ਖੈੜਾ ਵੀ ਕੱਚਾ..ਕਈਆਂ ਰਾਹ ਦੇਣੋਂ ਨਾਂਹ ਕਰ ਦਿੱਤੀ..ਪਰ ਬਾਪੂ ਜੀ ਨੇ ਡੇਢ ਗੁਣਾ ਪੈਸਾ ਦੇ ਕੇ ਰਜ਼ਾਮੰਦ ਕਰ ਲਿਆ..!
ਸਿਖਰ ਦੁਪਹਿਰੇ ਤੁਰਨਾ ਪੈਂਦਾ..ਰੁੱਖ ਵੀ ਕੋਈ ਨਾ..ਇਕੇਰਾਂ ਤੁਰੇ ਜਾਂਦਿਆਂ ਤ੍ਰੇਹ ਲੱਗ ਗਈ..ਜ਼ਿਦ ਫੜ ਓਥੇ ਹੀ ਬੈਠ ਗਿਆ..ਲਾਗੋਂ ਜੁਗਾੜ ਕੀਤਾ..!
ਫੇਰ ਰਾਹ ਵਿਚ ਇਕ ਪੱਕਾ ਨਲਕਾ ਲੁਆ ਦਿੱਤਾ..ਮੈਂ ਆਖਣਾ ਇਹ ਸਾਡਾ ਨਲਕਾ ਏ..ਕੋਈ ਹੋਰ ਪਾਣੀ ਨਹੀਂ ਪੀ ਸਕਦਾ..ਦਾਦੇ ਹੁਰਾਂ ਆਖਣਾ ਪੁੱਤ ਨਲਕੇ ਸਾਂਝੇ ਹੁੰਦੇ ਨੇ..ਸਾਂਝੀ ਤ੍ਰੇਹ ਬੁਝਾਉਂਦੇ..ਕਈ ਵੇਰ ਸਿਖਰ ਦੁਪਹਿਰੇ ਕਾਂ ਚਿੜੀਆਂ ਤਿੱਤਰ ਬਟੇਰ ਚੁੰਝਾਂ ਉਤਾਂਹ ਨੂੰ ਚੁੱਕ ਤ੍ਰੇਹ ਤ੍ਰਿਪਤੀ ਕਰ ਰਹੇ ਹੁੰਦੇ..ਜਦੋਂ ਪੁੱਛਣਾ ਪਾਣੀ ਪੀਂਦੇ ਇਹ ਮੂੰਹ ਉਤਾਂਹ ਨੂੰ ਕਿਓਂ ਚੁੱਕਦੇ ਤਾਂ ਆਖਣਾ ਉਸ ਵਾਹੇਗੁਰੁ ਦਾ ਸ਼ੁਕਰਾਨਾ ਕਰਦੇ..!
ਇੱਕ ਵੇਰ ਪਾਣੀ ਪੀਂਦਾ ਭੂੰਡ ਮਾਰ ਦਿੱਤਾ..ਬੜਾ ਨਰਾਜ ਹੋਏ..ਅਖ਼ੇ ਇਹ ਕੀ ਆਂਹਦਾ ਸੀ ਤੈਨੂੰ..ਆਖਿਆ ਡੰਗ ਮਾਰਦਾ..ਆਖਣ ਲੱਗੇ ਉਸ ਅਕਾਲ ਪੁਰਖ ਨੇ ਹਰੇਕ ਨੂੰ ਕੰਮ ਦਿੱਤੇ ਹੋਏ..ਡੰਗ ਮਾਰਨਾ ਵੀ ਉਸਦੀ ਫਿਦਰਤ ਏ..ਵੱਡਾ ਹੋਵੇਂਗਾ ਤਾਂ ਏਹੀ ਕੰਮ ਇਨਸਾਨ ਨੂੰ ਕਰਦਾ ਵੇਖੇਗਾਂ ਤਾਂ ਯਾਦ ਕਰੀ..ਮੈਂ ਹੈਰਾਨ ਹੋ ਜਾਣਾ..ਇਨਸਾਨ ਭਲਾ ਡੰਗ ਕਿੱਦਾਂ ਮਾਰ ਸਕਦਾ!
ਇਸੇ ਰਾਹ ਕਰਕੇ ਲਾਗਲੇ ਪਿੰਡ ਨੂੰ ਜਾਂਦੀ ਵਾਟ ਵੀ ਅੱਧੀ ਰਹਿ ਗਈ..ਪੈਦਲ ਤੁਰੇ ਜਾਂਦੇ ਰਾਹੀ ਲਾਗੇ ਸਾਹ ਲੈਣ ਬੈਠ ਜਾਂਦੇ..ਧਰੇਕ ਅਤੇ ਸ਼ਤੂਤ ਵੀ ਵੱਡੇ ਹੋ ਗਏ ਸਨ..ਉਸਦੀ ਛਾਵੇਂ..ਨਾਲੇ ਪਾਣੀ ਪੀਂਦੇ..ਨਾਲੇ ਆਖੀ ਜਾਂਦੇ ਲਵਾਉਣ ਵਾਲੇ ਦਾ ਭਲਾ ਹੋਵੇ..!
ਮੈਂ ਆਖਣਾ ਮੇਰੇ ਦਾਦੇ ਲਵਾਇਆ ਪਰ ਦਾਦੇ ਹੁਰਾਂ ਆਖਣਾ ਨਾ ਪੁੱਤ ਬਾਬੇ ਨਾਨਕ ਨੇ ਲਵਾਇਆ..!
ਅੱਜ ਕਿੰਨੇ ਦਹਾਕੇ ਬਾਅਦ ਸੁਫਨਾ ਆਉਂਦਾ..ਬਾਬੇ ਨਾਨਕ ਦਾ ਨਲਕਾ ਵੀ ਚੇਤੇ ਆ ਜਾਂਦਾ..ਅਸੀਂ ਦੋਵੇਂ ਜਣੇ ਲੱਭੀ ਜਾਂਦੇ ਹਾਂ ਪਰ ਰਾਤੀਂ ਕੋਈ ਪੁੱਟ ਕੇ ਲੈ ਗਿਆ..ਦਾਦੇ ਹੂਰੀ ਟੋਏ ਵਿਚ ਵੇਖਦੇ..ਅੰਦਰੋਂ ਇੱਕ ਇਨਸਾਨ ਨਿੱਕਲਦਾ..ਸੱਪ ਬਣ..ਦਾਦੇ ਜੀ ਦੇ ਮੱਥੇ ਤੇ ਡੰਗ ਮਾਰ ਦਿੰਦਾ..ਮੈਂ ਰੌਲਾ ਪਾਉਂਦਾ ਰਹਿ ਜਾਂਦਾ..ਓਏ ਕੋਈ ਪਾਣੀ ਲਿਆਓ ਮੇਰੇ ਦਾਦੇ ਨੂੰ ਜਹਿਰ ਚੜ ਗਿਆ..!
ਫੇਰ ਬਾਬਾ ਨਾਨਕ ਆਉਂਦਾ ਦਿਸ ਪੈਂਦਾ..ਕਲਾਵੇ ਵਿਚ ਲੈ ਕੇ ਆਖਦਾ..ਪੁੱਤ ਜਹਿਰ ਦਾਦੇ ਨੂੰ ਨਹੀਂ ਪੂਰੀ ਇਨਸਾਨੀਅਤ ਨੂੰ ਹੀ ਚੜ ਗਿਆ..ਪਰ ਘਬਰਾਵੀਂ ਨਾ..ਕਰਦਾ ਹਾਂ ਕੋਈ ਹੀਲਾ ਵਸੀਲਾ..ਫੇਰ ਮੇਰੀ ਜਾਗ ਖੁੱਲ ਜਾਂਦੀ..!
ਦੋਸਤੋ ਇਨਸਾਨੀਅਤ ਨੂੰ ਚੜੇ ਜਹਿਰ ਦਾ ਇਲਾਜ ਕਰਦਾ ਕੋਈ ਬਾਬਾ ਨਾਨਕ ਦਿਸੇ ਤਾਂ ਮੈਨੂੰ ਜਰੂਰ ਦੱਸਿਓ..ਕੁਝ ਗੱਲਾਂ ਕਰਨੀਆਂ ਨੇ..!
ਹਰਪ੍ਰੀਤ ਸਿੰਘ ਜਵੰਦਾ