ਭਾਂ ਭਾਂ ਭਾਂ ਭਾਂ …..ਡੇ ਕਲੀ ਕਰਾ ਲੋ।
ਪਰਾਂਤਾਂ ਦੇ ਪੌੜ ਲਗਾਓ।
ਭਾਂ ਭਾਂ ਭਾਂ ਭਾਂ……ਡੇ ਕਲੀ ਕਰਾਲੋ।
ਇਹ ਅਵਾਜ਼ਾਂ ਹੁਣ ਗਲੀਆਂ ਵਿੱਚ ਨਹੀਂ ਗੂੰਜਦੀਆਂ। ਪਿੱਤਲ ਦੇ ਭਾਂਡੇ ਗਾਇਬ ਹੋ ਗਏ ਹਨ। ਐਲਮੀਨੀਅਮ ਤੇ ਸਟੀਲ ਦੇ ਭਾਂਡੇ ਰਸੋਈ ਦੀ ਪਸੰਦ ਬਣ ਗਏ। ਸਿਰਫ ਇਸ ਲਈ ਕਿ ਭਾਂਡੇ ਮਾਂਜਣੇ ਨਹੀ ਪੈਂਦੇ। ਦੂਸਰੇ ਭਾਂਡੇ ਵਿਮ ਬਾਰ ਨਾਲ ਸਕੋਚ ਬਰਾਈਟ ਨਾਲ ਸੋਖੇ ਸਾਫ ਹੋ ਜਾਂਦੇ ਹਨ। ਪਰ ਅਸੀਂ ਹੁਣ ਫਿਰ ਪਿੱਤਲ ਦੇ ਭਾਂਡਿਆ ਵੱਲ ਮੁੜ ਪਏ ਹਾਂ। ਨਵੀਆਂ ਕੜ੍ਹਾਹੀਆਂ ਫਰਾਈਪੈਣ ਤੇ ਟੋਪੀਏ ਪਿੱਤਲ ਦੇ ਲਿਆਂਦੇ। ਸਮੱਸਿਆ ਕਲੀ ਕਰਾਉਣ ਦੀ ਆਈ। ਬਹੁਤ ਲੋਕਾਂ ਨਾਲ ਸੰਪਰਕ ਕੀਤਾ। ਆਖਿਰ ਰਤੀਆ ਦੇ ਲਾਗੇ ਪਿੰਡ ਦਾ ਨਿਵਾਸੀ ਜੱਗਾ ਨਾਮ ਦਾ ਰਾਜਪੂਤ ਮਿਲ ਹੀ ਗਿਆ। ਮੋਟਰ ਸਾਈਕਲ ਤੇ ਸਪੀਕਰ ਲਗਾ ਕੇ ਭਾਂਡੇ ਕਲੀ ਕਰਾਲੋ ਦਾ ਹੋਕਾ ਦਿੰਦਾ ਹੈ। ਬਠਿੰਡਾ ਸਰਸਾ ਮੰਡੀ ਡੱਬਵਾਲੀ ਮਲੋਟ ਅਬੋਹਰ ਫਾਜ਼ਿਲਕਾ ਤੱਕ ਗੇੜਾ ਮਾਰਦਾ ਹੈ। ਜਦੋ ਡੱਬਵਾਲੀ ਆਉਂਦਾ ਹੈ ਤਾਂ ਰਾਜਾ ਰਾਮ ਧਰਮਸ਼ਾਲਾ ਵਿਚ ਠਹਿਰਦਾ ਹੈ। ਉਮਰ ਦੇ ਲੱਗ ਭਗ ਸੱਤ ਦਹਾਕੇ ਪਾਰ ਕਰ ਚੁੱਕਿਆ ਜੱਗਾ 1971 ਤੋਂ ਇਸੇ ਪੇਸ਼ੇ ਵਿੱਚ ਹੈ। ਭਾਵੇਂ ਜੱਗਾ ਮੇਰੇ ਵਰਗਾ ਗਾਲੜੀ ਹੈ ਪਰ ਆਪਣਾ ਕੰਮ ਪੁਰੀ ਨਿਪੁੰਨਤਾ ਤੇ ਸਫਾਈ ਨਾਲ ਕਰਦਾ ਹੈ। ਜਾਇਜ਼ ਮਹੇਨਤਾਨਾ ਲੈ ਕੇ ਗਲੀ ਵਿਚ ਦੋ ਭਾਅ ਕਰਨ ਤੋਂ ਗੁਰੇਜ਼ ਕਰਦਾ ਹੈ। ਸੌਦੇ ਬਾਜ਼ੀ ਵਿਚ ਵਿਸ਼ਵਾਸ਼ ਨਹੀਂ ਕਰਦਾ।
” ਬਾਬੂ ਜੀ ਜਦੋਂ ਇੱਕ ਭਾਂਡੇ ਦਾ ਕੋਈ ਸੋ ਰੁਪਈਆ ਲੈ ਲੈਂਦੇ ਹਾਂ ਤਾਂ ਫਿਰ ਨਕਲੀ ਕਲੀ ਕਿਉਂ ਵਰਤੀਏ।” ਕੱਚੇ ਕੋਲੇ ਦੀ ਪੱਖੀ ਵਾਲੀ ਭੱਠੀ ਨੁਸ਼ਾਦਰ ਕਸਟਿਕ ਸੋਡਾ ਤੇਜਾਬ ਲੋਗੜ ਆਪਣੀ ਬੋਰੀ ਸਮੇਤ ਸਾਰਾ ਸਮਾਨ ਉਸਦੇ ਮੋਟਰ ਸਾਈਕਲ ਤੇ ਹੀ ਹੁੰਦਾ ਹੈ। “ਅਸੀਂ ਕਲੀ ਵਾਲੇ ਜਿਆਦਾਤਰ ਆਪਣੀ ਚਾਹ ਖੁਦ ਹੀ ਬਣਾਉਂਦੇ ਹਾਂ ਆਪਣੀ ਭੱਠੀ ਤੇ ਸਮਾਨ ਮੰਗਕੇ ਤੇ ਉਹ ਵੀ ਦੁੱਧ ਪੱਤੀ। ਮੇਰਾ ਮਾਮਾ 117 ਸਾਲ ਦਾ ਹੋ ਕੇ ਮਰਿਆ। ਉਹ ਵੀ ਭਾਂਡੇ ਕਲੀ ਕਰਨ ਦਾ ਕੰਮ ਕਰਦਾ ਸੀ।”
“ਹਾਂ ਬਾਬੂ ਜੀ ਮੇਰੇ ਕੋਲ ਮੋਬਾਈਲ ਵੀ ਹੈਗਾ 8571874889 ਨੰਬਰ ਹੈ ਮੇਰਾ। ਜਦੋ ਮਰਜੀ ਘੰਟੀ ਮਾਰ ਦਿਓਂ।” ਇਸ ਤਰਾਂ ਦੇ ਲੋਕ ਗਾਲੜੀ ਹੁੰਦੇ ਹਨ। ਦਿਲ ਦੇ ਸੱਚੇ। ਕਿਰਤੀ ਲ਼ੋਕ। ਪਰ ਬੱਸ ਇਹ ਦੋ ਟਾਈਮ ਦੀ ਰੋਟੀ ਦਾ ਹੀ ਪ੍ਰਬੰਧ ਕਰ ਪਾਉਂਦੇ ਹਨ।
ਊਂ ਗੱਲ ਆ ਇੱਕ
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ