ਮਾਂ ਨਾਲ ਮੇਰੀ ਆਖਰੀ ਮੁਲਾਕਾਤ
ਮਾਂ ਦਾ ਰੁਤਬਾ ਰੱਬ ਤੋ ਵੀ ਉਚਾ ਮੰਨਿਆ ਗਿਆ ਹੈ। ਮਾਂ ਮਾਂ ਹੀ ਹੁੰਦੀ ਹੈ ਤੇ ਮਾਂ ਦਾ ਕਈ ਬਦਲ ਨਹੀ ਹੁੰਦਾ। ਮਾਂ ਆਪਣੇ ਖੂਨ ਨਾਲ ਬੱਚੇ ਨੂੰ ਸਿੰਜਦੀ ਹੈ। ਤੇ ਨੋ ਮਹੀਨੇ ਆਪਣੇ ਪੇਟ ਚ ਰੱਖ ਕੇ ਪਰਵਰਿਸ ਕਰਦੀ ਹੈ।ਮਾਂ ਦਾ ਦਿਲ ਸਭ ਕੁਝ ਜਾਣਦਾ ਹੁੰਦਾ ਹੈ ਤੇ ਕਹਿੰਦੇ ਹਨ ਜਦ ਬੱਚਿਆ ਤੇ ਕੋਈ ਬਿਪਤਾ ਆਉਂਦੀ ਹੈ ਤਾਂ ਮਾਂ ਦੇ ਦਿਲ ਨੂੰ ਹੋਲ ਪੈੱਦਾ ਹੈ।ਮਾਂ ਦੀਆਂ ਆਂਦਰਾਂ ਹਰ ਹੋਣੀ ਅਣਹੋਣੀ ਨੂੰ ਬੁਝ ਲੈਂਦੀਆਂ ਹਨ। ਇਹ ਹੀ ਮਾਂ ਤੇ ਉਸ ਦੀ ਮਮਤਾ ਹੰਦੀ ਹੈ। ਮੇਰੀ ਮਾਂ ਮੈਨੂੰ ਬਹੁਤ ਪਿਆਰ ਕਰਦੀ ਸੀ ਤੇ ਮੇਰੇ ਤੇ ਮਾਣ ਵੀ ਕਰਦੀ ਸੀ। ਵੈਸੇ ਹਰ ਬੱਚੇ ਨੂੰ ਇਹ ਲੱਗਦਾ ਹੈ ਕਿ ਉਸ ਦੀ ਮਾਂ ਸਿਰਫ ਉਸ ਨੂੰ ਹੀ ਪਿਆਰ ਕਰਦੀ ਹੈ। ਮੇਰੀ ਮਾਂ ਨੇ ਆਪਣੇ ਅਖਰੀਲੇ ਦਿਨਾਂ ਵਿੱਚ ਬੀਮਾਰੀ ਦਾ ਬਹਾਨਾ ਬਣਾਇਆ ਤੇ ਉਹ ਬਾਹਰ ਹਸਪਤਾਲ ਚ ਦਾਖਿਲ ਰਹੀ। ਮੈਨੂੰ ਅਜੇਹੇ ਨਾਜੁਕ ਸਮੇ ਤੇ ਮੈਨੂੰ ਮੇਰੀ ਮਾਂ ਦੀ ਦੇਖ ਰੇਖ ਕਰਨ ਦਾ ਮੋਕਾ ਮਿਲਿਆ। ਵੈਸੇ ਅਜੇਹੇ ਮੋਕੇ ਵੀ ਕਿਸਮਤ ਵਾਲਿਆਂ ਨੂੰ ਨਸੀਬ ਹੁੰਦੇ ਹਨ।ਮਾਂ ਬਾਪ ਦੀ ਸੇਵਾ ਕਰਨ ਦੇ ਤੇ ਓਹਨਾ ਦੇ ਅਖੀਰਲੇ ਪਲਾਂ ਦਾ ਸਾਥ ਵੀ ਭਾਗਾਂ ਵਾਲਿਆ ਨੂੰ ਮਿਲਦਾ ਹੈ।ਪਰ ਆਪਣੀਆਂ ਅੱਖਾਂ ਦੇ ਸਾਹਮਣੇ ਹੀ ਓਹਨਾ ਨੂੰ ਸਦਾ ਲਈ ਜਾਂਦਿਆ ਵੇਖਣਾ ਵੀ ਬਹੁਤ ਮੁਸ਼ਕਿਲ ਹੈ।
ਮੇਰੀ ਮਾਂ ਦੀ ਬਿਮਾਰੀ ਦੀ ਵਜਾ ਉਸ ਦੇ ਜਵਾਈ ਦੀ ਭਿਆਨਕ ਬਿਮਾਰੀ ਹੀ ਸੀ। ਚਾਹੇ ਉਸ ਤੋਂ ਪੂਰਾ ਓਹਲਾ ਰੱਖਿਆ ਗਿਆ ਸੀ ਪਰ ਇੱਕ ਮਾਂ ਦੇ ਰੂਪ ਵਿੱਚ ਉਹ ਸਭ ਕੁਝ ਜਾਣ ਚੁੱਕੀ ਸੀ। ਉਸਦੀ ਅੰਦਰਲੀ ਪੀੜਾ ਨੂੰ ਦੇਖਦੇ ਹੋਏ ਅਸੀ ਉਸ ਨੂੰ ਲੁਧਿਆਣੇ ਦੇ ਵੱਡੇ ਹਸਪਤਾਲ ਵਿੱਚ ਲੈ ਗਏ। ਉਥੇ ਹੀ ਮੇਰੇ ਜੀਜਾ ਜੀ ਦਾਖਿਲ ਸਨ।ਤੇ ਸਾਡੇ ਉਥੇ ਪਹੁੰਚਦੇ ਹੀ ਮੇਰੇ ਜੀਜਾ ਜੀ ਸਾਨੂੰ ਸਦਾ ਲਈ ਛੱਡ ਗਏ। ਇਹ ਸਾਡੇ ਬਹੁਤ ਹੀ ਮੰਦਭਾਗੀ ਤੇ ਅਸਹਿ ਘਟਨਾ ਸੀ। ਚਾਹੇ ਉਂਝ ਮੇਰੀ ਮਾਂ ਇਸ ਗੱਲ ਤੋ ਅਣਜਾਣ ਸੀ ਪਰ ਉਸ ਦਾ ਦਿਨ ਸਭ ਬੁਝ ਚੁਕਿਆ ਸੀ।
15 ਫਰਬਰੀ ਨੂੰ ਹਸਪਤਾਲ ਦੇ ਨਿਯਮਾਂ ਮੁਤਾਬਿਕ ਮੈ ਮੇਰੀ ਮਾਂ ਨੂੰ ਸ਼ਾਮ ਨੂੰ ਪੰਜ ਵਜੇ ਆਈ ਸੀ ਯੂ ਵਿੱਚ ਮਿਲਣ ਗਿਆ। ਉਹ ਬਹੁਤ ਹੀ ਖੁਸ਼ ਨਜਰ ਆ ਰਹੀ ਸੀ। ਉਸ ਦਾ ਗੋਰਾ ਨਿਛੋਹ ਰੰਗ ਤੇ ਖਿੜਿਆ ਚੇਹਰਾ ਅੱਜ ਵੀ ਮੈਨੂੰ ਚੰਗੀ ਤਰਾਂ ਯਾਦ ਹੈ।ਸ਼ਾਇਦ ਉਹ ਉਸ ਦੀ ਆਖਰੀ ਚਮਕ ਸੀ ਜਾਂ ਉਸਦਾ ਮੈਨੂੰ ਹੋਸਲਾ ਦੇਣ ਦਾ ਢੋਂਗ। ਮੈਨੂੰ ਵੇਖਦੇ ਸਾਰ ਹੀ ਉਸ ਦੇ ਮੁੱਖ ਤੇ ਹੋਰ ਵੀ ਲਾਲੀ ਆ ਗਈ। ਤੇ ਉਹ ਹੱਸ ਪਈ। ਇੰਨੇ ਨੂੰ ਨਰਸ ਚਾਹ ਵਾਲੀ ਟਰਾਲੀ ਲੈ ਕੇ ਆ ਗਈ। ਮੇਰੀ ਮਾਂ ਨੇ ਮੈਨੂੰ ਰਿਮੋਟ ਨਾਲ ਬੈਡ ਉਪਰ ਚੱਕਣ ਦਾ ਇਸ਼ਾਰਾ ਕੀਤਾ। ਫਿਰ ਉਸ ਨੇ ਬੜੇ ਸਲੀਕੇ ਨਾਲ ਬਿਸਕੁਟਾਂ ਦਾ ਪੈਕਟ ਖੋਲ੍ਹਿਆ। ਤੇ ਚਾਹ ਪੀਂਦੀ ਹੋਈ ਮੇਰੇ ਨਾਲ ਘਰ ਪਰਿਵਾਰ ਦੀਆਂ ਗੱਲਾਂ ਕਰਨ ਲੱਗੀ। ਉਸ ਨੇ ਮੇਰੇ ਕੋਲੋ ਆਂਢ ਗੁਆਂਢ ਦੀਆਂ ਅੋਰਤਾਂ ਬਾਰੇ ਪੁੱਛਿਆ। ਉਸ ਨੇ ਮੈਨੂੰ ਸਾਡੇ ਸ਼ਰੀਕੇ ਚ ਰੱਖੇ ਵਿਆਹ ਦੀ ਤਾਰੀਖ ਬਾਰੇ ਵੀ ਪੁੱਛਿਆ ਤੇ ਉਸ ਤੋਂ ਬਾਦ ਉਸ ਨੇ ਮੇਰੇ ਤੋ ਘਰ ਦੇ ਹੋਰ ਕੰਮਾਂ ਬਾਰੇ ਵੀ ਜਾਣਕਾਰੀ ਹਾਸਿਲ ਕੀਤੀ। ਗੱਲਾਂ ਕਰਦੀ ਕਰਦੀ ਨੇ ਮੈਨੂੰ ਕਿਹਾ ਕਿ ” ਇਹਨਾ ਦਾ ਖਿਆਲ ਰੱਖੀ।” ਇਹ ਇੱਕ ਸਪਸ਼ਟ ਇਸ਼ਾਰਾ ਸੀ । ਜਿਸ ਰਾਹੀਂ ਉਹਨਾ ਨੇ ਮੈਨੂ ਆਉਣ ਵਾਲੇ ਅਸਹਿ ਪਲਾਂ ਬਾਰੇ ਸੁਚੇਤ ਕੀਤਾ। ਕਿਉਂਕਿ ਕੋਈ ਮਾਂ ਪਿਉ ਨਹੀ ਚਾਹੁਦਾ ਕਿ ਉਸ ਦੇ ਜਾਣ ਤੋਂ ਬਾਅਦ ਉਸਦੀ ਅੋਲਾਦ ਦੁਖੀ ਹੋਵੇ।ਮਾਂ ਬਾਪ ਆਪਣੇ ਦਿਲ ਅੰਦਰ ਲੱਖਾਂ ਦੁੱਖ ਰੱਖ ਕੇ ਵੀ ਅੋਲਾਦ ਨੂੰ ਖੁਸ਼ੀ ਦੇਣ ਦੀ ਕੋਸਿਸ ਕਰਦੇ ਹਨ। ਤੇ ਮੇਰੀ ਮਾਂ ਨੇ ਵੀ ਅਜੇਹਾ ਹੀ ਕੀਤਾ। ਮਾਂ ਤੇਰਾ ਜਿਗਰਾ ਧੰਨ ਹੈ।
ਮਾਂ ਤੋਂ ਉਸ ਦਿਨ ਵਿਦਾ ਲੈ ਕੇ ਅਸੀ ਹਸਪਤਾਲ ਦੀ ਲਾਬੀ ਕਾਫੀ ਦੇਰ ਬੈਠੇ ਰਹੇ ਤੇ ਫਿਰ ਕੁਝ ਦੇਰ ਹਸਪਤਾਲ ਦੇ ਪਾਰਕ ਚ। ਦੇਰ ਰਾਤ ਅਸੀ ਨਾਲ ਲਗਦੇ ਆਪਣੇ ਕਮਰੇ ਚ ਚਲੇ ਗਏ ਕਿਉੱਕਿ ਹਸਪਤਾਲ ਵਿੱਚ ਮਰੀਜ ਕੋਲੋ ਕਿਸੇ ਨੂੰ ਠਹਿਰਣ ਦੀ ਆਗਿਆ ਨਹੀ ਸੀ। ਸਵੇਰੇ 3 ਵੱਜ ਕੇ 43 ਮਿੰਟਾ ਤੇ ਮੇਰੀ ਅੱਖ ਖੁੱਲੀ ਤੇ ਮੈਨੂੰ ਬੈਚੇਨੀ ਜਿਹੀ ਮਹਿਸੂਸ ਹੋਈ । ਸਮਾਂ ਦੁਬਾਰਾ ਦੇਖਿਆ ਪਹਿਰ ਦਾ ਤੜਕਾ ਸੀ। ਕਮਰੇ ਚ ਨਾ ਜਾਣੇ ਕਿਉਂ ਰੋਸ਼ਨੀ ਸੀ। ਉਸਲ ਵੱਟੇ ਜਿਹੇ ਲੈਂਦੇ ਨੇ ਆਖਿਰ ਪੰਜ ਕੁ ਵਜੇ ਮੈ ਸਾਰਿਆਂ ਨੂੰ ਉਠਾ ਦਿੱਤਾ ।
ਚਾਹੇ ਮਰੀਜ ਨੂੰ ਮਿਲਣ ਦਾ ਸਮਾਂ ਅੱਠ ਵਜੇ ਸੀ ਪਰ ਮੈ ਬੇਚੈਨ ਸੀ ਤੇ ਸਾਰਿਆਂ ਨੂੰ ਆਪਣੇ ਨਾਲ ਲੈ ਕੇ ਹਸਪਤਾਲ ਲਈ ਚੱਲ ਪਿਆ। ਹਸਪਤਾਲ ਦੇ ਮੇਨ ਗੇਟ ਕੋਲੇ ਪਹੁੰਚਦੇ ਹੀ। ਮੈਨੂੰ ਮੋਬਾਇਲ ਤੇ ਐਮਰਜੰਸੀ ਵਾਰਡ ਵਿੱਚ ਪਹੁੰਚਣ ਦਾ ਸੰਦੇਸ਼ ਮਿਲਿਆ ਤੇ ਮੇਰਾ ਦਿਲ ਕਿਸੇ ਅਣਸੁਖਾਵੀ ਘਟਨਾ ਦੀ ਅਸ਼ੰਕਾ ਨਾਲ ਘਿਰ ਗਿਆ। ਮੈਂ ਅੈਮਰਜੰਸੀ ਰੂਮ ਚ ਪ੍ਰਵੇਸ਼ ਕਰਦੇ ਹੀ ਦੇਖਿਆ ਕਿ ਡਾਕਟਰਾਂ ਦੀ ਪੂਰੀ ਟੀਮ ਮੇਰੀ ਮਾਂ ਨੂੰ ਬਚਾਉਣ ਦੀ ਪੂਰੀ ਕੋਸ਼ੀਸ ਕਰ ਰਹੀ ਹੈ ਤੇ ਮੇਰੀ ਮਾਂ ਦੀਆਂ ਨਜਰਾਂ ਗੇਟ ਵੱਲ ਸਨ। ਮੇਰੇ ਉੱਥੇ ਪੰਹੁਚ ਦੇ ਸਾਰ ਹੀ ਮੇਰੀ ਮਾਂ ਸਾਨੂੰ ਵਿਲਕਦਾ ਛੱਡ ਕੇ ਚਲੀ ਗਈ। ਸਾਇਦ ਉਹ ਮੈਨੂੰ ਹੀ ਉਡੀਕਦੀ ਸੀ। ਇਹ ਮੇਰੀ ਜਿੰਦਗੀ ਦੀ ਸਭ ਤੋਂ ਦੁੱਖਦਾਈ ਘਟਨਾ ਸੀ। ਜਦੋ ਮੇਰੀਆਂ ਹੀ ਅੱਖਾਂ ਦੇ ਸਾਹਮਣੇ ਮੇਰਾ ਰੱਬ ਮੇਰੇ ਕੋਲੋ ਖੁਸ ਗਿਆ।ਤੇ ਮੈ ਦੁਨਿਆ ਦਾ ਸਭ ਤੋ ਗਰੀਬ ਤੇ ਅਨਾਥ ਆਦਮੀ ਬਣ ਗਿਆ।
ਰਮੇਸ਼ ਸੇਠੀ ਬਾਦਲ
ਮੋ 98 766 27233