ਇਹ ਕਹਾਣੀ ਮੇਰੀ ਹੀ ਨਹੀਂ ਮੇਰੇ ਵਰਗੇ ਹਜ਼ਾਰਾਂ ਉਹਨਾਂ ਲੋਕਾਂ ਦੀ ਵੀ ਹੈ ਜੋ ਆਪਣਿਆਂ ਦੁਆਰਾ ਠੱਗੀਆਂ ਖਾ ਕੇ ਨਸ਼ਿਆਂ ਦੀ ਦਲ ਦਲ ਵਿੱਚ ਉੱਤਰ ਗਏ, ਜਿੱਥੋਂ ਵਿਰਲੇ ਟਾਵੇਂ ਈ ਮੁੜ ਸਕੇ ,ਬਾਕੀ ਉਸ ਦਲ ਦਲ ਵਿੱਚ ਹੀ ਆਪਣਾ ਆਪ ਗਵਾ ਗਏ। ਮੇਰੇ ਨਾਲ ਮੇਰੇ ਆਪਣੇ ਇਹੋ ਜਿਹੀ ਠੱਗੀ ਮਾਰ ਗਏ ਸਨ ਜਿਸਦੇ ਸਾਹਮਣੇ ਰੁਪਏ ਪੈਸੇ ਦੀ ਗੱਲ ਲਿਖਣਾ ਵੀ ਬਹੁਤ ਨਿਗੂਣੀ ਜਿਹੀ ਗੱਲ ਹੈ,ਜਾਂ ਸੀ। ਪੈਸੇ ਦੀ ਗੱਲ ਹੁੰਦੀ ਤਾਂ ਗਹਿਣਾ ਗੱਟਾ ਵੇਚ, ਜਾਇਦਾਦ ਵੇਚ ਗੱਲ ਖ਼ਤਮ ਕਰ ਦਿੰਦਾ ਪਰ ਉਹ ਤਾਂ ਗੱਲ ਈ ਨਹੀਂ ਸੀ, ਉਸ ਨਵੇਕਲੀ ਠੱਗੀ ਨੇ ਤੇ ਉਹਨਾਂ ਦੁਆਰਾ ਮਾਰੀ ਉਸ ਠੱਗੀ ਨੇ, ਜਿਨ੍ਹਾਂ ਨੂੰ ਮੈਂ ਜਾਨ ਤੋਂ ਪਿਆਰੇ ਸਮਝਦਾ ਸੀ ਜੋ ਮੇਰੀਆਂ ਖੱਬੀਆਂ ਸੱਜੀਆਂ ਬਾਹਾਂ ਸਨ ਮੈਨੂੰ ਅੰਦਰੋਂ ਬਾਹਰੋਂ ਬੁਰੀ ਤਰ੍ਹਾਂ ਤੋੜ ਦਿੱਤਾ, ਉਸ ਤੋਂ ਬਾਅਦ ਮੇਰੀ ਉਡੀਕ ਕਰ ਰਹੇ ਨਸ਼ਿਆਂ ਨੇ ਮੇਰਾ ਬਾਹਾਂ ਫ਼ੈਲਾਅ ਕੇ ਸਵਾਗਤ ਕੀਤਾ। ਮੇਰੇ ਫ਼ਿਕਰ ‘ਚ ਬਾਪ ਦਿਲ ਦਾ ਰੋਗੀ ਹੋ ਜਹਾਨੋਂ ਤੁਰ ਗਿਆ, ਮਾਂ ਹੱਡੀਆਂ ਦੀ ਮੁੱਠ ਬਣ ਗਈ ਮੇਰਾ ਕਰਮ ਬੇਰੋਕ ਚਲਦਾ ਰਿਹਾ, ਨਸ਼ਿਆਂ ਨਾਲ ਯਾਰੀ ਹੋਰ ਪਕੇਰੀ ਹੁੰਦੀ ਗਈ ਗੂਹੜੀ ਹੁੰਦੀ ਗਈ। ਪਤਾ ਨੀ ਮੈਂ ਬਚਿਆ ਕਿਵੇਂ ਰਿਹਾ? ਸ਼ਾਇਦ ਮੇਰੇ ਨਿੱਕੇ ਜਿਹੇ ਹੁੰਦੇ ਦੇ ਪਹਿਲਾਂ ਬਣਾਏ ਯਾਰ, ਮੇਰੀਆਂ ਕਮਾਈਆਂ ਯਾਰੀਆਂ ਨੇ ਮੇਰਾ ਸਾਥ ਨਹੀਂ ਛੱਡਿਆ ਤਾਂ ਕਰਕੇ? ਗ਼ਮ ਨੂੰ ਭਲਾਉਣ ਵਾਸਤੇ ਦਾਰੂ ਦਾ ਸਹਾਰਾ ਕੀ ਲਿਆ ਦਾਰੂ ਹਰ ਦੁੱਖ ਸੁੱਖ ਦਰਦ ਦੀ ਦਾਰੂ ਬਣ ਗਈ ਤੇ ਹੁਣ ਜਦੋਂ ਉਹ ਬੀਤੀਆਂ ਹੋਈਆਂ ਠੱਗੀਆਂ ਯਾਦ ਆਉਂਦੀਆਂ ਤਾਂ ਉਹਨਾਂ ਨੂੰ ਭਲਾਉਣ ਵਾਸਤੇ ਬੋਤਲਾਂ ਦੇ ਡੱਟ ਪੱਟ ਕੇ ਉਹਨਾਂ ਵਿੱਚੋਂ ਸਹਾਰਾ ਲਭਦਾ ਲਭਦਾ ਕਦੋਂ ਹਸਪਤਾਲਾਂ ਨੂੰ ਸਹਾਰਾ ਬਣਾ ਬੈਠਾ ਪਤਾ ਹੀ ਨਾ ਲੱਗਿਆ। ਤੇ ਇੱਕ ਦਿਨ ਉਸ ਰੱਬ ਬਣ ਬਹੁੜੇ ਡਾਕਟਰ ਦੇ ਬੋਲ ਕੰਮ ਕਰ ਗਏ, ਉਸ ਰੱਬ ਨੇ ਕਿਹਾ ਪਤਾ ਕੀ? ਕਹਿੰਦਾ ਪਿਆਰੇ ਮਿੱਤਰਾ ਤੇਰੀ ਆਹ ਆਦਤ ਜਿਨ੍ਹਾਂ ਨਾਲ ਲੜ ਕੇ ਤੂੰ ਜ਼ਿੰਦਗੀ ਗਾਲ਼ ਰਿਹਾਂ ਉਹਨਾਂ ਨੂੰ ਤਾਂ ਸਗੋਂ ਫਿੱਟ ਬੈਠੀ ਹੋਈ ਆ, ਜੇ ਤੂੰ ਸਹੀ ਤਰੀਕੇ ਨਾਲ ਚਲਦਾ ਉਹ ਜੇਲ੍ਹ ਵਿੱਚ ਹੋਣੇ ਸਨ ਤੇ ਹੁਣ ਤੂੰ ਸਿਵਿਆਂ ਵੱਲ ਨੂੰ ਤੁਰ ਪਿਆਂ, ਹੋਸ਼ ਕਰ ਅਕਲ ਨੂੰ ਹੱਥ ਮਾਰ। ਤੇ ਮੇਰੇ ਡਾਕਟਰ ਯਾਰ ਦੇ ਬੋਲੇ ਉਹ ਬੋਲ ਦਿਲ ਨੂੰ ਚੀਰ ਗਏ, ਉਸ ਦਿਨ ਤੋਂ ਬੰਦ ਹੋਏ ਨਸ਼ਿਆਂ ਨੇ ਕਾਲੇ ਕਾਵਾਂ ਵਰਗੀ ਹੋਈ ਜ਼ਿੰਦਗੀ ਨੂੰ ਹੰਸਾਂ ਵਰਗੀ ਚਿੱਟੀ ਕਰ ਦਿੱਤਾ। ਸੋ ਦੋਸਤੋ ਆਪਣੇ ਨਾਲ ਹੋਈਆਂ ਵਧੀਕੀਆਂ ਨਾਲ ਲੜੋ, ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਆਪ ਕਿਹਾ ਵੀ ਜ਼ੁਲਮ ਕਰਨਾ ਹੁੰਦਾ ਹੈ ਪਾਪ ਜੇਕਰ , ਜ਼ੁਲਮ ਝੱਲਣਾ ਵੀ ਮਹਾਂ ਪਾਪ ਹੁੰਦਾ,, ਪਰ ਇੰਝ ਥੋੜ੍ਹੀ ਹੁੰਦਾ ਵੀ ਤੁਸੀਂ ਆਪਣੇ ਆਪ ਨੂੰ ਨਸ਼ਿਆਂ ਦੇ ਹਵਾਲੇ ਕਰ ਦਿਓਂ। ਇਹ ਜ਼ਿੰਦਗੀ ਵਾਰ ਵਾਰ ਨਹੀ ਮਿਲਣੀ ਤੇ ਫ਼ਿਰ ਉਹ ਨਸ਼ੇ ਕਿਉਂ ਕਰੀਏ ਜੋ ਸਵੇਰੇ ਉੱਤਰ ਜਾਣ। ਆਓ ਸੋਹਣੀ ਜ਼ਿੰਦਗੀ ਦਾ ਨਸ਼ਾ ਕਰਕੇ ਵੇਖੀਏ ਜੋ ਵੱਖਰਾ ਆਨੰਦ ਦੇਵੇਗਾ। ਜਿਸਦੇ ਹਰ ਜਾਮ ਵਿੱਚ ਮਸਤੀ ਦੇ ਰੰਗ ਹੋਣਗੇ। “ਨਸ਼ੇ ਜਿੰਨੇ ਸੰਸਾਰ ਦੇ ਉੱਤਰ ਜਾਣ ਪ੍ਰਭਾਤ, ਨਾਮ ਖ਼ੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ”।