“ਬਰਫ਼ੀ” ਨਾਮ ਦੀ ਫਿਲਮ..ਰਣਬੀਰ ਕਪੂਰ..ਮਗਰ ਲੱਗੀ ਪੁਲਸ ਨੂੰ ਸੜਕਾਂ ਘਰਾਂ ਹੋਟਲਾਂ ਰੈਣ ਬਸੇਰਿਆਂ ਤੋਂ ਝਕਾਨੀ ਦਿੰਦਾ ਹੋਇਆ ਅਖੀਰ ਇੱਕ ਸੁਰਖਿਅਤ ਘਰ ਦੇ ਵੇਹੜੇ ਅੰਦਰ ਦਾਖਿਲ ਹੋ ਜਦੋਂ ਅੱਖਾਂ ਖੋਲ੍ਹਦਾ ਤਾਂ ਵੇਖਦਾ ਕੇ ਇਹ ਤਾਂ ਪੁਲਸ ਠਾਣੇ ਦਾ ਅਹਾਤਾ ਹੈ..ਓਹੀ ਥਾਣਾ ਜਿਸਦੀ ਪੁਲਸ ਮਗਰ ਲੱਗੀ ਹੁੰਦੀ!
ਗੁਪਤਾ ਜੀ ਨੇ ਉੱਬਲਦੀ ਉੱਬਲਦੀ ਦਾ ਬੁਰਕ ਭਰ ਲਿਆ..ਭੋਰਾ ਠੰਡੀ ਵੀ ਨਹੀਂ ਹੋਣ ਦਿੱਤੀ..ਹੁਣ ਪੂਰਾ ਟੱਬਰ ਤਾਲੂ ਸਾੜ ਬੈਠਾ..ਹੋਛਾ ਸ਼ਾਹ ਨਾ ਕੀਜੀਐ..ਮੁੜ ਪਛੋਤਾਈਐ..ਗੋਰਾ ਭਾਉ ਵੀ ਕਿੰਨੇ ਪਿਆਰ ਨਾਲ ਸੈਲਫੀ ਖਿਚਾਈ ਜਾਂਦਾ..ਜਿੱਦਾਂ ਹਲਾਲੀ ਤੋਂ ਪਹਿਲੋਂ ਬੱਕਰੇ ਦੀਆਂ ਮਨਮਰਜੀਆਂ ਸਹੀ ਜਾਂਦਾ ਕਸਾਈ..ਹੁਣ ਸੱਪ ਦੇ ਮੂੰਹ ਵਿਚ ਕੋਹੜ ਕਿਰਲੀ..ਨਾ ਥੁੱਕਿਆ ਬਣਦਾ ਤੇ ਨਾ ਅੰਦਰ ਲੰਘਾਇਆ..ਸੋਚਿਆ ਸੀ ਇਹ ਤਾਂ ਕੰਮ ਹੀ ਬੜਾ ਸੌਖਾ..ਪੈਸੇ ਦਿਓ ਨਾਲ ਟਾਰਗੇਟ ਵਾਲੀ ਪਰਚੀ ਵੀ ਤੇ ਚੱਲ ਮੇਰੇ ਭਾਈ..ਬਾਕੀ ਮੇਜਰ ਗੌਰਵ ਆਰੀਆ ਜਾਣੇ..ਅਖ਼ੇ ਅਸੀ ਸਾਨ ਹੁੰਨੇ..ਦਾਹੜ ਥਲੇ ਲੈ ਆਂਦੇ ਤਾਂ ਕਹਿੰਦੇ ਚਲੋ ਜਾਣ ਦਿਓ ਗਊ ਜਾਇ ਹਾਂ..!
ਕਲਾ ਵਰਤ ਰਹੀ ਏ..ਕੁਲ ਦੁਨੀਆ ਅਸਲੀਅਤ ਤੋਂ ਜਾਣੂ ਹੋ ਰਹੀ..ਧੋਖਿਆਂ ਧੱਕਿਆ ਦੀ ਦਾਸਤਾਨ ਜੱਗ ਜਾਹਰ ਹੋਈ ਪਈ..ਦੁਨੀਆ ਦੇ ਵੱਡੇ ਵੱਡੇ ਅਖਬਾਰਾਂ ਦੇ ਸੰਪਾਦਕੀ ਅਤੇ ਐਡੀਟੋਰੀਅਲ ਧੜਾਧੜ ਛਾਪ ਰਹੇ..ਚੋਰੀ ਚੋਰੀ ਗੁੜ ਭੰਨਿਆ..ਮੁੜ ਪੈ ਗਏ ਖਲਾਰੇ ਭਾਰੀ..ਚੱਕੀ ਹੋਈ ਲੰਬੜਾ ਦੀ..ਥਾਣੇਦਾਰ ਦੇ ਬਰੋਬਰ ਬੋਲੇ..!
ਨਹੁੰ ਮਾਸ ਦਾ ਰਿਸ਼ਤਾ ਬਹਿਸ ਪਿਆ..ਕਹਿੰਦਾ ਗੁਰੂਦੁਆਰੇ ਅਰਦਾਸ ਵੇਲੇ ਜਦੋਂ “ਰਾਜ ਕਰੇਗਾ ਖਾਲਸਾ” ਵਾਲਾ ਦੋਹਰਾ ਪੜਦੇ..ਗੁਸਲ ਬਹਾਨੇ ਬਾਹਰ ਆ ਜਾਂਦਾ..ਰਾਜ ਕਰ ਤੇ ਰਹੇ ਨੇ ਹੋਰ ਕਿੱਦਾਂ ਦਾ ਚਾਹੀਦਾ..!
ਦੋਸਤੋ ਜੰਝ ਭਾਵੇਂ ਜਿੰਨੀ ਮਰਜੀ ਵੱਡੀ ਹੋਵੇ..ਪਿੰਡ ਨਾਲੋਂ ਵੱਡੀ ਨਹੀਂ ਹੋ ਸਕਦੀ..ਕਦੇ ਸੁਣਦੇ ਹੁੰਦੇ ਸਾਂ ਸੌ ਦਿਨ ਚੋਰ ਦਾ ਤੇ ਇੱਕ ਦਿਨ ਸਾਧ ਦਾ..ਪਰ ਹੁਣ ਤੇ ਛੋਟਾ ਵਰਜਨ ਲੱਭ ਲਿਆ..ਦੋ ਦਿਨ ਚੋਰ ਦੇ ਤੇ ਤੀਜਾ ਦਿਨ ਸਾਧ ਦਾ..ਅਖੀਰ ਏਨੀ ਹੀ ਆਖਾਂਗੇ ਜਿੰਨੀ ਹੋਈ ਬੜੀ ਮਾੜੀ ਹੋਈ..ਪਰ ਅਫਸੋਸ..ਦੁਸ਼ਮਣ ਵੀ ਕਿਹੜਾ ਮਿਲਿਆ..ਹੱਦ ਦਰਜੇ ਦਾ ਬੇ-ਅਸੂਲਾਂ..ਬਗਲਗੀਰ ਹੋ ਪਿੱਠ ਪਿੱਛੇ ਛੁਰੀ ਖੋਬਣ ਵਾਲਾ..!
ਬਕੌਲ ਰਹਤ ਇੰਦੋਰੀ..”ਸਿਰਫ ਖੰਜਰ ਹੀ ਨਹੀਂ..ਆਂਖੋਂ ਮੇਂ ਪਾਨੀ ਚਾਹੀਏ..ਐ ਖੁਦਾ ਮੁਝਕੋ ਦੁਸ਼ਮਣ ਖਾਨਦਾਨੀ ਚਾਹੀਏ!
ਹਰਪ੍ਰੀਤ ਸਿੰਘ ਜਵੰਦਾ