ਮੈਂ ਮੇਰੇ ਪਾਠਕਾਂ ਕੋਲੋਂ ਮਾਫ਼ੀ ਚਾਹੁੰਦਾ ਹੈ ਕਿ ਮੈਂ ਡਿੱਗੇ ਹੋਏ ਟਰਾਲੇ ਚੋ ਸੇਬਾਂ ਦੀਆਂ ਪੇਟੀਆਂ ਚੁੱਕਣ ਵਾਲ਼ੇ ਲੋਕਾਂ ਬਾਰੇ ਕੋਈਂ ਪੋਸਟ ਨਹੀਂ ਪਾਂ ਸਕਿਆ। ਜਦੋਂ ਕਿ ਸਾਡੇ ਗੁਣੀ ਗਿਆਨੀ ਬੁੱਧੀਜੀਵੀ ਧਾਰਮਿਕ ਦਾਨੀ ਪੁਰਸ਼ਾਂ ਨੇ ਪੋਸਟਾਂ ਪਾਉਣ ਵਾਲੀ ਧੁੱਕੀ ਕੱਢ ਦਿੱਤੀ। ਜਦੋਂ ਤਾਏ ਦੀ ਧੀ ਹੀ ਨਹੀਂ ਚਾਚੇ ਮਾਮੇ ਮਾਸੜ ਫੁਫੜ ਦੀ ਚੱਲੀ ਹੋਵੇ ਫਿਰ ਮੈਂ ਹੀ ਇਕੱਲੀ ਕਿਓਂ ਰਹਾਂ। ਅਖੇ ਜੀ ਮਾਸਟਰ ਮਾਸਟਰਨੀ ਪੇਟੀ ਚੁੱਕ ਕੇ ਲ਼ੈ ਗਏ, ਮਿਡ ਡੇ ਮੀਲ ਵਾਲ਼ੇ ਵੀ ਪਿੱਛੇ ਨਹੀਂ ਰਹੇ, ਫਲਾਣੇ ਦੇ ਦਸਤਾਰ ਬੰਨੀ ਹੋਈ ਸੀ ਉਹ ਵੀ ਪੇਟੀ ਚੁੱਕਣ ਵਿੱਚ ਮੂਹਰੇ ਸੀ। ਹੱਦ ਹੋ ਗਈ ਅਖੇ ਕ੍ਰਿਪਾਨ (ਸ੍ਰੀ ਸਾਹਿਬ) ਪਾਈ ਵਾਲਾ ਬਾਬਾ ਵੀ ਨਹੀਂ ਰੁਕਿਆ। ਹੋਰ ਤਾਂ ਹੋਰ ਅਖੇ ਇੱਕ ਜੋੜੀ ਆਪਣੇ ਇੱਕ ਸਾਲ ਦੇ ਬੱਚੇ ਨੂੰ ਕਾਰ ਵਿੱਚ ਛੱਡ ਕੇ ਸੇਬਾਂ ਦੀ ਲੁੱਟ ਦਾ ਹਿੱਸਾ ਬਣੀ। ਯਾਰ ਜੇ ਮੈਨੂੰ ਮੌਕਾ ਮਿਲਦਾ ਤਾਂ ਤੇ ਮੈਂ ਪੇਟੀ ਚੁੱਕ ਸਕਦਾ ਹੁੰਦਾ ਤਾਂ ਮੈਂ ਵੀ ਪਿੱਛੇ ਨਹੀਂ ਸੀ ਹੱਟਣਾ। ਮੇਰਾ ਸਵਾਲ ਸਿਰਫ ਪੋਸਟ ਪਾਉਣ ਵਾਲਿਆਂ ਨੂੰ ਹੈ ਕਿ ਜੇ ਓਹਨਾ ਨੂੰ ਇਹ ਸੁਨਿਹਰੀ ਮੌਕਾ ਮਿਲਦਾ ਕੀ ਉਹ ਨਾ ਚੁੱਕਦੇ। ਪੇਟੀ ਨਹੀਂ ਤਾਂ ਝੋਲੀ ਜਰੂਰ ਭਰਦੇ। ਕਿੰਨੇ ਕੁ ਹਨ ਜਿੰਨਾਂ ਨੇ ਜਿੰਦਗੀ ਵਿੱਚ ਕਦੇ ਅਜਿਹਾ ਕੰਮ ਨਹੀਂ ਕੀਤਾ ਯ ਹੱਥ ਆਇਆ ਮੌਕਾ ਖੁੰਝਾਇਆ ਹੈ। ਇਹ ਲੋਕਾਂ ਦਾ ਕਸੂਰ ਨਹੀਂ ਇਸੇ ਨੂੰ ਭੀੜਤੰਤਰ ਆਖਦੇ ਹਨ। ਭੀੜ ਦਾ ਹਿੱਸਾ ਕੁਝ ਵੀ ਕਰ ਸਕਦਾ ਹੈ। ਜੇ ਕੋਈਂ ਭਲਾ ਮਾਨਸ ਉਸ ਗਰੀਬ ਡਰਾਈਵਰ ਦੇ ਨੁਕਸਾਨ ਦੀ ਇਵਜ਼ ਵਿੱਚ ਉਸਨੂੰ ਮਦਦ ਵਜੋਂ 100 200 ਯ 500 ਰੁਪਈਆ ਦੇਣ ਦੀ ਸ਼ੁਰੂਆਤ ਕਰ ਦਿੰਦਾ ਤਾਂ ਉਥੇ ਨੋਟਾਂ ਦਾ ਢੇਰ ਲੱਗ ਜਾਣਾ ਸੀ। ਨੁਕਸਾਨ ਦੀ ਭਰਪਾਈ ਤੋਂ ਵੀ ਵਾਧੂ ਮਾਇਆ ਇਕੱਠੀ ਹੋ ਜਾਣੀ ਸੀ। ਇਹੀ ਪੰਜਾਬੀਆਂ ਦੀ ਫਿਤਰਤ ਹੈ। ਬਹੁਤੀ ਚਿੰਤਾ ਯ ਲਾਹਨਤਾਂ ਪਾਉਣ ਦੀ ਲੋੜ ਨਹੀਂ। ਕਮਾਦ ਦੀ ਭਰੀ ਟਰਾਲੀ ਵਿਚੋਂ ਅਸੀਂ ਇੱਕ ਦੋ ਗੰਨੇ ਆਮ ਹੀ ਖਿੱਚ ਲੈਂਦੇ ਹਾਂ। ਕੋਈਂ ਅਮੀਰ, ਗਰੀਬ, ਪੜ੍ਹਿਆ, ਅਨਪੜ੍ਹ, ਹਿੰਦੂ, ਸਿੱਖ, ਪੰਡਿਤ, ਮੌਲਵੀ, ਗ੍ਰੰਥੀ ਇਹਨਾਂ ਕੰਮਾਂ ਤੋਂ ਬਚਿਆ ਨਹੀਂ। ਹੁਣ ਹਰ ਲੱਲੀ ਛੱਲੀ ਪੋਸਟਾਂ ਪਾਕੇ ਲਾਹਨਤਾਂ ਦੇ ਰਿਹਾ ਹੈ। ਖੁਦ ਦੇ ਅੰਦਰ ਝਾਤੀ ਮਾਰੋ। ਆਪਣੀ ਫਟੀ ਬਨੈਣ ਨੂੰ ਦੇਖੋ ਫਿਰ ਬੋਲੋ।
“ਭਾਈ ਹਮਾਰੀ ਬਾਤ ਸੁਣੋ,
ਐਸਾ ਇੱਕ ਇਨਸਾਨ ਚੁਣੋ,
ਜਿਸਨੇ ਪਾਪ ਨਾ ਕੀਆ ਹੋ,
ਜੋ ਪਾਪੀ ਨਾ ਹੋ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ