ਪਤਾ ਨਹੀਂ ਕਿਉਂ ਅੱਜ ਸਾਢੇ ਕ਼ੁ ਦਸ ਵਜੇ ਨਾਸ਼ਤਾ ਕਰਕੇ ਨੀਂਦ ਆਉਣ ਲੱਗੀ। ਘੰਟਾ ਕ਼ੁ ਬੂਥਾ ਪੋਥੀ ਤੇ ਮਗਜ਼ ਮਾਰਿਆ ਨੀਂਦ ਹੋਰ ਜ਼ੋਰ ਫੜ ਗਈ। ਚਲਦੇ ਹੋਏ ਟੀਵੀ ਨੂੰ ਦੇਖਦਾ ਦੇਖਦਾ ਘੂਕ ਸੌਂ ਗਿਆ। ਕਿਸੇ ਨੇ ਤੰਗ ਨਹੀਂ ਕੀਤਾ। ਮੋਬਾਈਲ ਵੀ ਚੁੱਪ ਕਰਾਇਆ ਹੋਇਆ ਸੀ। ਵਧੀਆ ਨੀਂਦ ਆਈ।
‘ਕਿਵੇਂ ਰੋਟੀ ਨਹੀਂ ਖਾਣੀ ਕਿ ਅੱਜ?” ਇੱਕ ਦਮ ਆਈ ਆਵਾਜ਼ ਸੁਣ ਕੇ ਨੀਂਦ ਖੰਬ ਲਾਕੇ ਉੱਡ ਗਈ।
“ਨਹੀਂ ਭੁੱਖ ਜਿਹੀ ਤਾਂ ਹੈਨੀ।” ਮੇਰੇ ਮੂੰਹੋ ਨਿਕਲਿਆ।
“ਜੇ ਆਖੋ ਤਾਂ ਮੱਕੀ ਦੀ ਰੋਟੀ ਬਣਾ ਦਿੰਦੀ ਹਾਂ। ਸ਼ੱਕਰ ਘਿਓ ਨਾਲ ਖਾ ਲਿਓਂ ਇੱਕ ਰੋਟੀ।” ਉਸ ਦੇ ਬੋਲਾਂ ਨੇ ਅੱਖਾਂ ਪੂਰੀ ਤਰਾਂ ਖੋਲ ਦਿੱਤੀਆਂ। ਪਤਾ ਨਹੀਂ ਉਸਦਾ ਆਪਣਾ ਜੀਅ ਸੀ ਖਾਣ ਨੂੰ ਯ ਮੇਰੀ ਪਸੰਦ ਤੋਂ ਉਹ ਵਾਕਿਫ ਸੀ।
“ਚੰਗਾ।” ਮੇਰੇ ਮੂੰਹੋ ਇੰਨਾ ਹੀ ਨਿਕਲਿਆ।
ਪੰਜ ਕ਼ੁ ਮਿੰਟਾਂ ਬਾਦ ਮੱਕੀ ਦੀ ਰੋਟੀ ਤੇ ਸ਼ੱਕਰ ਘਿਓ ਦੀ ਕੌਲੀ ਮੇਰੇ ਮੂਹਰੇ ਸੀ। ਇੱਕ ਰੋਟੀ ਨਾਲ ਹੀ ਤ੍ਰਿਪਤੀ ਹੋ ਗਈ। ਆਪਣੇ ਸ਼ਹਿਰ ਚੋ ਸ਼ੱਕਰ ਮੈਂ ਰੀਝ ਨਾਲ ਲੈ ਗਿਆ ਸੀ।
ਯਾਦ ਆਇਆ ਬਹੁਤੇ ਵਾਰੀ ਮੇਰੀ ਮਾਂ ਵੀ ਸੁੱਤੇ ਨੂੰ ਉਠਾਕੇ ਰੋਟੀ ਖਵਾਉਂਦੀ। ਨੀਂਦ ਵਿੱਚ ਹੋਣ ਕਰਕੇ ਬਥੇਰੀ ਨਾ ਕਰਦੇ ਪਰ ਓਹ ਕੋਈ ਨਾ ਕੋਈ ਲਾਲਚ ਦੇ ਕੇ ਭਰ ਪੇਟ ਭੋਜਨ ਕਰਾਉਂਦੀ। ਰਾਤੀ ਸੁੱਤੇ ਪਏ ਦੇ ਮੂੰਹ ਨੂੰ ਦੁੱਧ ਦਾ ਗਿਲਾਸ ਲਾ ਦਿੰਦੀ ਤੇ ਮੈਂ ਗੱਟ ਗੱਟ ਪੀ ਜਾਂਦਾ।
ਅੱਜ ਵੀ ਉਹੀ ਗੱਲ ਹੋਈ। ਅੱਜ ਮਾਂ ਨਹੀਂ ਜੁਆਕਾਂ ਦੀ ਮਾਂ ਸੀ। ਓਹੀ ਮਮਤਾ ਹੁੰਦੀ ਹੈ ਹਰ ਮਾਂ ਵਿੱਚ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ।