ਨਿੱਕੇ ਪੁੱਤ ਦੇ ਘਰ ਤੀਜੀ ਧੀ ਆਈ ਸੀ..ਵੱਡੇ ਪੁੱਤ ਦੇ ਪਹਿਲਾਂ ਹੀ ਇੱਕ ਧੀ ਅਤੇ ਇੱਕ ਪੁੱਤਰ ਸੀ..ਸੋਗਮਈ ਮਾਹੌਲ ਵਿਚ ਘੁੱਟੀ ਵੱਟੀ ਬੈਠੀ ਬੀਜੀ ਕਦੇ ਦਾ ਗੁਬਾਰ ਕੱਢਣ ਲਈ ਮੌਕਾ ਲੱਭ ਰਹੀ ਸੀ..ਅਚਾਨਕ ਅੰਦਰੋਂ ਰੌਲੇ ਦੀ ਅਵਾਜ ਆਈ..!
ਸਾਰੇ ਬੱਚੇ ਪਲੰਘ ਤੇ ਢੇਰ ਸਾਰੇ ਖਿਡੌਣੇ ਖਿਲਾਰ ਹੱਸਣ ਖੇਡਣ ਵਿਚ ਮਸਤ ਸਨ..ਬੀਜੀ ਨੇ ਗੁੱਸੇ ਵਿਚ ਸਾਰੇ ਖਿਡੌਣਿਆਂ ਵਿਚੋਂ ਸਿਰਫ ਗੁੱਡੀਆਂ ਇੱਕਠੀਆਂ ਕੀਤੀਆਂ ਤੇ ਏਨੀ ਗੱਲ ਆਖਦੀ ਹੋਈ ਬਾਹਰ ਨੂੰ ਆ ਗਈ ਕੇ ਜਦੋਂ ਚੋਵੀ ਘੰਟੇ ਗੁੱਡੀਆਂ ਨਾਲ ਹੀ ਖੇਡੋਗੇ ਤਾਂ ਏਹੀ ਕੁਝ ਹੋਣਾ ਜੋ ਅੱਜ ਹੋਇਆ..!
ਪਲੰਘ ਤੋਂ ਸਾਰੀਆਂ ਗੁੱਡੀਆਂ ਗਾਇਬ ਸਨ ਤੇ ਮਗਰ ਰਹਿ ਗਿਆ ਸੀ ਉਦਾਸ ਖਿਡੌਣਿਆਂ ਦਾ ਨਿੱਕਾ ਜਿਹਾ ਢੇਰ ਅਤੇ ਬੀਜੀ ਦੇ ਆਖੇ ਬੋਲਾਂ ਨੂੰ ਸਮਝਣ ਦੀ ਨਾਕਾਮ ਕੋਸ਼ਿਸ਼ ਕਰਦੇ ਹੋਏ ਕੁਝ ਬਾਲ ਮਨ!
ਹਰਪ੍ਰੀਤ ਸਿੰਘ ਜਵੰਦਾ