ਸ਼ਹਿਰ ਦੇ ਬਹਾਰ ਪਈ ਸੁੰਨ ਮਸਾਣ ਖਾਲੀ ਜਗ੍ਹਾ ਵਿੱਚ ਨਿੱਕੇ ਨਿੱਕੇ ਪਿੰਡਾਂ ਵਰਗਾ ਰੂਪ ਧਾਰਨ ਕਰਦੀਆਂ ਝੁੱਗੀਆਂ ਝੋਪੜੀਆਂ ਵਿਚੋਂ ਸੂਰਜ ਦੀ ਪਹਿਲੀ ਕਿਰਨ ਤੋਂ ਪਹਿਲਾਂ ਹੀ ਪਤਨੀ ਅੱਖਾਂ ਮਲਦੀ ਹੋਈ ਝੋਪੜੀਆਂ ਵਿੱਚ ਲੱਗੇ ਸਰਕਾਰੀ ਨਲਕੇ ਤੇ ਪਹੁੰਚ ਕੇ ਅੱਖਾਂ ਵਿੱਚ ਪਾਣੀ ਦੇ ਸਿੱਟੇ ਮਾਰੇ ਅਤੇ ਪਾਣੀ ਦਾ ਗੜਬਾ ਭਰਿਆ ਤੇ ਆਪਣੇ ਪਤੀ ਨੂੰ ਜੁਗਾਇਆ ਉਸ ਨੇ ਪਾਣੀ ਦਾ ਪਿਆਲਾ ਪੀਤਾ ਅਤੇ ਹਰ ਰੋਜ਼ ਦੀ ਤਰ੍ਹਾਂ ਕਬਾੜ ਕੱਠਾ ਕਰਨ ਵਾਲਾ ਪਲਾਸਟਿਕ ਦਾ ਬੋਰਾ ਕੱਛ ਮਾਰ ਕੇ ਤੁਰ ਪਏ । ਝੁੱਗੀ ਵਿੱਚ ਡੰਗ ਟਪਾਉਂਦੇ ਗ਼ਰੀਬ ਪਤੀ-ਪਤਨੀ ਜੋ ਕਿ ਕੂੜੇ-ਕਰਕਟ ‘ਚੋਂ ਵਿਕਣਯੋਗ ਕਬਾੜ ਦਾ ਸਮਾਨ ‘ਕੱਠਾ ਕਰਿਆ ਕਰਦੇ ਸਨ, ਜਿਉਂ ਹੀ ਉਹ ਸਵੇਰ ਮੌਕੇ ਕੂੜੇ ਦੇ ਢੇਰਾਂ ‘ਚੋਂ ਕੀਮਤੀ ਸਮਾਨ ਲੱਭਣ ਤੁਰੇ ਤਾਂ ਉਨ੍ਹਾਂ ਨੂੰ ਛੋਟੇ ਬੱਚੇ ਦੇ ਰੋਣ ਦੀ ਅਵਾਜ਼ ਸੁਣੀ। ਦੋਵਾਂ ਨੇ ਹੈਰਾਨ ਹੋ ਕੇ ਦੇਖਿਆ ਤਾਂ ਕੂੜੇ ਦੇ ਢੇਰ ਵਿਚ ਇਕ ਲਵਾਰਿਸ ਬੱਚੀ ਡਿੱਗੀ ਪਈ ਸੀ। ਚੁੱਪ-ਚੁਪੀਤੇ ਉਹ ਉਸ ਬੱਚੀ ਨੂੰ ਆਪਣੇ ਘਰ ਲੈ ਆਏ ਅਤੇ ਉਸ ਦਾ ਪਾਲਣ-ਪੋਸ਼ਣ ਕਰਨ ਲੱਗੇ। ਅੱਜ ਇਸ ਘੜੀ ਨੂੰ ਬੀਤਿਆਂ ਕਰੀਬ ਤੇਰਾਂ ਸਾਲ ਹੋ ਗਏ ਸਨ। ਛੋਟੀ ਬੱਚੀ ਹੁਣ ਪਰੀ ਦੇ ਨਾਂਅ ‘ਤੇ ਸਕੂਲ ਵਿਚ ਪੜ੍ਹਨ ਜਾਇਆ ਕਰਦੀ ਸੀ। ਸਕੂਲ ਵਿਚ ਫ਼ੀਸ ਨਾ ਜਮ੍ਹਾਂ ਹੋਣ ‘ਤੇ ਅਧਿਆਪਕਾ ਉਸ ਨੂੰ ਘੂਰ-ਘੱਪ ਰਹੀ ਸੀ ਅਤੇ ਆਖ ਰਹੀ ਸੀ ਕਿ ਜੇ ਥੋਡੇ ਜੰਮਣ ਵਾਲਿਆਂ ਦੀ ਜੇਬ ‘ਚ ਪੈਸੇ ਨਹੀਂ ਹੁੰਦੇ ਤਾਂ ਤੁਹਾਨੂੰ ਇੱਥੇ ਭੇਜ ਕਿਉਂ ਦਿੰਦੇ ਨੇ… ਬੱਸ ਬੱਚੇ ਜੰਮਣ ਦਾ ਈ ਪਤੈ, ਜ਼ਿੰਮੇਵਾਰੀਆਂ ਦਾ ਖਿਆਲ ਨਹੀਂ ਕਿਸੇ ਨੂੰ..। ਇਹ ਸੁਣ ਕੇ ਪਰੀ ਦੀਆਂ ਅੱਖਾਂ ਭਰ ਆਈਆਂ, ਉਹ ਰੋਂਦੀ-ਰੋਂਦੀ ਕਹਿਣ ਲੱਗੀ, ‘ਮੈਡਮ ਮੈਨੂੰ ਜੰਮਣ ਵਾਲੇ ਤਾਂ ਪਤਾ ਨੀਂ ਕੌਣ ਨੇ, ਪਰ ਮੈਨੂੰ ਬਚਾਉਣ ਵਾਲੇ ਤੇ ਸਾਂਭਣ ਵਾਲੇ ਮੇਰੇ ਇਹ ਗ਼ਰੀਬ ਮਾਪੇ ਨੇ…।’ ਪਰੀ ਦੇ ਮੂੰਹੋਂ ਪੂਰੀ ਗੱਲ ਸੁਣ ਕੇ ਮੈਡਮ ਦੀਆਂ ਅੱਖਾਂ ਵਿਚੋਂ ਪਾਣੀ ਵਹਿਣ ਲੱਗਾ ਤੇ ਉਸ ਨੇ ਪਰੀ ਨੂੰ ਘੁੱਟ ਕੇ ਗਲ ਨਾਲ ਲਾ ਲਿਆ।
-ਹਾਕਮ ਸਿੰਘ ਮੀਤ ਬੌਂਦਲੀ
ਮੰਡੀ ਗੋਬਿੰਦਗਡ਼੍ਹ
8288047637