ਇਕਲਤਾ | ikkalta

ਅਕਸਰ ਹੀ ਪੜ੍ਹਦੇ ਸੁਣਦੇ ਹਾਂ ਕਿ ਅੱਜ ਦੇ ਬਜ਼ੁਰਗ ਇਕਲਾਪਾ ਭੋਗ ਰਹੇ ਹਨ। ਬਹੁਤਿਆਂ ਦੇ ਬੱਚੇ ਬਾਹਰਲੇ ਮੁਲਕਾਂ ਵਿੱਚ ਸੈੱਟ ਹਨ। ਵੱਡੀਆਂ ਕੋਠੀਆਂ ਵਿੱਚ ਬਜ਼ੁਰਗ ਮਾਪੇ ਆਪਣੀ ਜਿੰਦਗੀ ਦਾ ਅੰਤਿਮ ਪੜਾਅ ਪੂਰਾ ਕਰ ਰਹੇ ਹਨ। ਇੱਕਲਤਾ ਦੀ ਨੀਰਸ ਭਰੀ ਜਿੰਦਗੀ ਦਾ ਸੰਤਾਪ ਭੋਗ ਰਹੇ ਹਨ। ਜਿਨਾਂ ਦੇ ਬੱਚੇ ਵਿਦੇਸ਼ੀ ਬਸ਼ਿੰਦੇ ਨਹੀਂ ਹਨ ਪਰ ਇੱਥੇ ਦਿੱਲੀ ਗੁਰੂਗਰਾਮ ਪੂਨੇ ਬੰਬੇ ਸੈਟਲ ਹਨ ਤੇ ਮਾਪੇ ਫੋਰ ਬੀਐਚਕੇ ਵਿੱਚ ਇਕੱਲੇ ਮੋਬਾਈਲਾਂ ਸਹਾਰੇ ਟਾਈਮ ਪੂਰਾ ਕਰਦੇ ਹਨ। ਇਹ ਤਸਵੀਰ ਦਾ ਇੱਕ ਪਾਸਾ ਹੈ ਜੋ ਸਾਨੂੰ ਦਿਖਾਇਆ ਜਾ ਰਿਹਾ ਹੈ। ਬੱਚਿਆਂ ਨੇ ਨੌਕਰੀ ਰੋਜਗਾਰ ਦੇ ਸਿਲਸਿਲੇ ਵਿੱਚ ਬਾਹਰ ਜਾਣਾ ਹੀ ਹੁੰਦਾ ਹੈ। ਅੱਜ ਕੱਲ੍ਹ ਇੱਕ ਯ ਦੋ ਬੱਚਿਆਂ ਦਾ ਚਲਣ ਹੈ। ਪਹਿਲਾਂ ਵੱਡੇ ਪਰਿਵਾਰ ਹੁੰਦੇ ਸਨ। ਤੇ ਘਰ ਦੇ ਇੱਕ ਯ ਦੋ ਲੜਕਿਆਂ ਨੂੰ ਅਨਪੜ੍ਹ ਰੱਖਿਆ ਜਾਂਦਾ ਸੀ। ਤਾਂਕਿ ਉਹ ਘਰੇ ਰਹਿਣ ਤੇ ਖੇਤੀ ਯ ਪੁਸ਼ਤੈਨੀ ਧੰਦੇ ਵਿਚ ਹੱਥ ਵਟਾਉਣ। ਪਰ ਅੱਜ ਕੱਲ ਇਹ ਸੋਚ ਹੀ ਨਹੀਂ।
ਮੇਰਾ ਵੱਡਾ ਬੇਟਾ ਬੇਟੀ ਤੇ ਪੋਤੀ ਨੋਇਡਾ ਹੁੰਦੇ ਹਨ। ਪਿਛਲੇ ਸਾਲ ਅਸੀਂ ਉਹਨਾਂ ਕੋਲ ਕੁਝ ਮਹੀਨੇ ਮਸਾਂ ਹੀ ਲਗਾਕੇ ਆਏ। ਹੁਣ ਛੋਟੇ ਬੇਟੇ ਤੇ ਬੇਟੀ ਕੋਲ ਬਠਿੰਡੇ ਗਏ। ਉਹਨਾਂ ਨੇ ਆਪਣਾ ਬਸੇਰਾ ਬਣਾਇਆ ਹੈ। ਪਰ ਇੱਕ ਰਾਤ ਲਗਾਕੇ ਹੀ ਵਾਪਿਸ ਆ ਗਏ। ਉਹਨਾਂ ਨੇ ਸਾਨੂੰ ਓਥੇ ਰਹਿਣ ਲਈ ਬਹੁਤ ਮਜਬੂਰ ਕੀਤਾ। ਪਰ ਅਸੀਂ ਵਾਪਿਸ ਆਪਣੇ ਜੱਦੀ ਘਰ ਆ ਗਏ। ਸਾਨੂੰ ਰੱਖਣ ਲਈ ਬੱਚਿਆਂ ਨੇ ਆਪਣਾ ਰੋਸਾ ਗੁੱਸਾ ਪਿਆਰ ਧੱਕਾ ਸਭ ਅਜਮਾਇਆ ਪਰ ਅਸੀਂ ਉਥੇ ਨਹੀਂ ਰੁਕੇ।
ਪਤਾ ਨਹੀਂ ਕਿਉਂ? ਅੱਜ ਕਲ੍ਹ ਦੇ ਮਾਪੇ ਵੀ ਸਾਡੇ ਵਰਗੇ ਹੀ ਹਨ। ਇੱਕ ਪਾਸੇ ਉਹ ਇੱਕਲਤਾ ਦਾ ਢੰਡੋਰਾ ਪਿੱਟਦੇ ਹਨ ਦੂਜੇ ਪਾਸੇ ਉਹ ਆਪਣੇ ਘਰ ਨੂੰ ਛੱਡਣਾ ਵੀ ਨਹੀਂ ਚਾਹੁੰਦੇ। ਕਿਉਂਕਿ ਉਹਨਾਂ ਦਾ ਵਿਸ਼ਾਲ ਦਾਇਰਾ ਹੁੰਦਾ ਹੈ। ਜਾਣ ਪਹਿਚਾਣ ਦਾ ਵੱਡਾ ਖੇਤਰ ਹੋਣ ਕਰਕੇ ਉਹ ਨਵੀਂ ਜਗ੍ਹਾ ਤੇ ਰਹਿਣਾ ਨਹੀਂ ਚਾਹੁੰਦੇ। ਮੈਨੂੰ ਮੇਰੇ ਦਾਦਾ ਜੀ ਦੇ ਬੋਲ਼ ਜਾ ਆ ਜਾਂਦੇ ਹਨ ਜਦੋਂ ਉਹਨਾਂ ਨੇ ਦਾਦਾ ਜੀ ਨੂੰ ਸ਼ਹਿਰ ਆਉਣ ਲਈ ਆਖਿਆ ਤਾਂ ਕਹਿੰਦੇ ” ਓਮ ਪ੍ਰਕਾਸ਼ ਮੈਂ ਪਿੰਡ ਨਹੀਂ ਛੱਡਣਾ। ਜੇ ਮੈਂ ਪਿੰਡ ਵਿੱਚ ਮਰਿਆ ਤਾਂ ਲੋਕ ਕਹਿਣਗੇ ਕਿ ਹਰਗੁਲਾਲ ਸੇਠ ਮਰ ਗਿਆ। ਪਰ ਜੇ ਮੈਂ ਸ਼ਹਿਰ ਮਰਿਆ ਤਾਂ ਲੋਕ ਕਹਿਣਗੇ ਕਿ ਕਨੂੰਨਗੋ ਸਾਹਿਬ ਦਾ ਪਿਓ ਮਰ ਗਿਆ।” ਇੱਕਲਾ ਬੱਚਿਆਂ ਨੂੰ ਦੋਸ਼ ਦੇਣਾ ਮੁਨਾਸਿਬ ਨਹੀਂ। ਕੁਝ ਨਾ ਕੁਝ ਕਸੂਰ ਮਾਪਿਆਂ ਦਾ ਵੀ ਹੁੰਦਾ ਹੈ। ਸ਼ਾਇਦ ਆਪਣੀ ਤੰਗਦਿਲੀ, ਆਜ਼ਾਦੀ ਯ ਖ਼ੁਦਗਰਗੀ ਹੁੰਦੀ ਹੈ। ਅਸੀਂ ਖੁਦ ਤੰਗੀ ਤੁਰਸ਼ੀ ਦੇ ਦਿਨ ਵੇਖੇ ਹਨ ਤੇ ਬੱਚਿਆਂ ਨੂੰ ਫਜ਼ੂਲ ਖਰਚੀ ਤੋਂ ਵਰਜਦੇ ਰਹਿੰਦੇ ਹਾਂ। ਪਰ ਬੱਚੇ ਚਾਹੁੰਦੇ ਹਨ ਕਿ ਓਹਨਾਂ ਦੇ ਮਾਪੇ ਵੀ ਉਹਨਾਂ ਦੀ ਰੀਸ ਨਾਲ ਸਕੈਚਰ ਦੇ ਬੂਟ ਪਾਉਣ। ਅਸੀਂ ਤਿੰਨ ਸੌ ਦੇ ਬੂਟਾਂ ਨਾਲ ਬੁੱਤਾ ਸਾਰਨਾ ਚਾਹੁੰਦੇ ਹਾਂ ਤੇ ਉਹ ਸਾਨੂੰ ਪੰਜ ਹਜ਼ਾਰ ਦੇ ਬੂਟਾਂ ਵਿਚ ਵੇਖਣਾ ਲੋਚਦੇ ਹਨ।
ਮੈਨੂੰ ਲਗਦਾ ਹੈ ਓਨਾ ਕਸੂਰ ਬੱਚਿਆਂ ਦਾ ਨਹੀਂ ਜਿੰਨਾ ਸਾਡਾ ਮਾਪਿਆਂ ਦਾ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ।

Leave a Reply

Your email address will not be published. Required fields are marked *