1975 ਤੋਂ ਪਹਿਲਾਂ ਜਦੋ ਅਸੀਂ ਪਿੰਡ ਘੁਮਿਆਰੇ ਰਹਿੰਦੇ ਸੀ ਉਸ ਸਮੇ ਬਹੁਤ ਹੀ ਘੱਟ ਲੋਕ ਸਬਜ਼ੀ ਬਨਾਉਂਦੇ ਸਨ। ਬਹੁਤੇ ਲੋਕ ਲਾਲ ਮਿਰਚਾਂ ਦੀ ਚੱਟਣੀ ਤੇ ਲੱਸੀ ਨਾਲ ਹੀ ਰੋਟੀ ਖਾਂਦੇ। ਉਹ ਸਿਰਫ ਮੀਟ ਨੂੰ ਹੀ ਸਬਜ਼ੀ ਕਹਿੰਦੇ ਸਨ। ਜੇ ਕੋਈ ਬਾਬੇ ਭਾਨੇ ਕੋਲੋ ਲੈ ਕੇ ਸਬਜ਼ੀ ਬਣਾਉਂਦਾ ਤਾਂ ਉਹ ਅਦਰਕ ਟਮਾਟਰ ਨਹੀਂ ਸੀ ਪਾਉਂਦਾ। ਸਰੋਂ ਦੇ ਤੇਲ ਵਿੱਚ ਹੀ ਸਬਜ਼ੀ ਤੜਕਦੇ। ਹੱਟੀ ਤੋਂ ਖੜ੍ਹੇ ਪੈਰ ਨਮਕ ਮਿਰਚ ਹਲਦੀ ਜਿਸ ਨੂੰ ਉਹ ਵਸ਼ਾਰ ਕਹਿੰਦੇ ਸਨ ਖਰੀਦ ਕੇ ਲਿਆਉਂਦੇ। ਡਲੀਆਂ ਵਾਲਾ ਨਮਕ ਘਰੇ ਕੂੰਡੇ ਵਿੱਚ ਰਗੜਕੇ ਪਾਉਂਦੇ। ਵੈਸੇ ਉਸ ਸਮੇ ਬਨਸਪਤੀ ਘਿਓ ਵੀ ਆਉਂਦਾ ਸੀ। ਜਿਸ ਨੂੰ ਡਾਲਡਾ ਘਿਓ ਕਹਿੰਦੇ। ਡਾਲਡਾ ਉਸ ਦਾ ਬ੍ਰਾਂਡ ਹੁੰਦਾ ਸੀ। ਬਾਜ਼ਰ ਵਿਚ ਮਿਲਦੇ ਰਥ ਅਤੇ ਗਗਨ ਕੰਪਨੀ ਦੇ ਘਿਓ ਨੂੰ ਵੀ ਡਾਲਡਾ ਘਿਓ ਹੀ ਕਹਿੰਦੇ। ਸਾਡੇ ਘਰੇ ਬਹੁਤਾ ਬਨਸਪਤੀ ਘਿਓ ਹੀ ਚਲਦਾ ਸੀ। ਸਰੋਂ ਦਾ ਤੇਲ ਕਦੇ ਨਹੀਂ ਸੀ ਵਰਤਿਆ ਤੜਕਾ ਲਾਉਣ ਲਈ। ਫਿਰ ਜਦੋ ਅਸੀਂ ਘਰੇ ਮੱਝ ਰੱਖ ਲਈ ਫਿਰ ਦੇਸੀ ਘਿਓ ਮੱਖਣ ਹੀ ਚਲਦਾ। ਜੋ ਕਾਫੀ ਸਮਾਂ ਜਾਰੀ ਰਿਹਾ। ਜਦੋ ਮੋਟਾਪੇ ਅਤੇ ਕੁਝ ਬਿਮਾਰੀਆਂ ਦਾ ਨਾਮ ਸੁਣਿਆ ਤਾਂ ਮੈਨੂੰ ਮੇਰੇ ਇੱਕ ਦੋਸਤ ਨੇ ਧਾਰਾ ਨਾਮ ਦੇ ਰਿਫਾਇੰਡ ਤੇਲ ਦੀ ਦਸ ਪਾਈ। ਮੈਂ ਚੰਡੀਗੜ੍ਹ ਤੋਂ ਦੋ ਦੋ ਸੌ ਗ੍ਰਾਮ ਵਾਲਿਆਂ ਟੈਟਰਾ ਪੈਕ ਲਿਆਇਆ। ਬਹੁਤਿਆਂ ਨੂੰ ਦੱਸ ਪਾਈ। ਫਿਰ ਪੰਦਰਾਂ ਲੀਟਰ ਦੀ ਕੈਨੀ ਆਉਣ ਲੱਗੀ। ਹੋਰ ਰਿਫਾਇੰਡ ਤੇਲ ਵੀ ਵਰਤਣ ਲੱਗੇ। ਫਿਰ ਸਿਆਣਿਆਂ ਨੇ ਦੱਸਿਆ ਕਿ ਰਿਫਾਇੰਡ ਨਾਲ ਗੋਡਿਆਂ ਦੀ ਗਰੀਸ ਖਤਮ ਹੋ ਜਾਂਦੀ ਹੈ। ਅਸੀਂ ਫਿਰ ਦੇਸੀ ਘਿਓ ਤੇ ਆ ਗਏ। ਫਿਰ ਸਰੋਂ ਦੇ ਤੇਲ ਤੇ। ਸਬਜ਼ੀ ਨੂੰ ਸਰੋਂ ਦੇ ਤੇਲ ਦਾ ਤੜਕਾ ਲਾਉਂਦੇ ਤੇ ਸ਼ਾਮੀ ਮੂੰਗੀ ਦੀ ਦਾਲ ਨੂੰ ਦੇਸੀ ਘਿਓ ਦਾ। ਕਿਉਂਕਿ ਮੇਰੀ ਮਾਂ ਨੂੰ ਸਰੋਂ ਦੇ ਤੇਲ ਦਾ ਤੜਕਾ ਪਸੰਦ ਨਹੀਂ ਸੀ। ਮਾਤਾ ਦੀ ਸਿਹਤ ਦਾ ਫਿਕਰ ਕਰਦੇ ਹੋਏ ਅਸੀਂ ਦਾਲ ਨੂੰ ਵੀ ਮਾਤਾ ਤੋਂ ਚੋਰੀਓ ਸਰੋਂ ਦੇ ਤੇਲ ਦਾ ਤੜਕਾ ਲਾਉਣ ਲੱਗੇ। ਮਤਲਬ ਕੀ ਅਸੀਂ ਜਿਥੋਂ ਚੱਲੇ ਸੀ ਉਥੇ ਹੀ ਫਿਰ ਵਾਪਿਸ ਆ ਗਏ। ਹੁਣ ਬੱਚੇ olive oil ਵਰਤਦੇ ਹਨ ਪਰ ਅਸੀਂ ਸਰੋਂ ਦੇ ਤੇਲ ਨਾਲ ਹੀ ਖੁਸ਼ ਹਾਂ। ਮੇਰੇ ਹਿਸਾਬ ਨਾਲ ਸਰੋਂ ਦਾ ਤੇਲ ਹੀ ਸਭ ਤੋਂ ਉੱਤਮ ਹੈ।
ਜੇ ਅਸੀਂ ਵਧੀਆ ਜਿੰਦਗੀ ਜਿਉਣਾ ਚਾਹੁੰਦੇ ਹਾਂ ਤਾਂ ਸਾਨੂੰ ਪੁਰਾਣੀਆਂ ਗੱਲਾਂ ਤੇ ਵਾਪਿਸ ਆਉਣਾ ਪਵੇਗਾ। ਕਣਕ ਨੂੰ ਛੱਡ ਕੇ ਮੋਟੇ ਅਨਾਜ ਜਵਾਰ ਬਾਜਰੇ ਛੋਲੇ ਜੋਂ ਰਾਗੀ ਤੇ ਕੋਧਰੇ ਦੀ ਰੋਟੀ, ਠੰਡੇ ਫਰੂਟੀ ਕੈਂਪੇ ਲਿਮਕੇ ਨੂੰ ਛੱਡਕੇ ਸ਼ਿਕੰਜਵੀ, ਮੈਗੀ ਪਾਸਤਾ ਮਕਰੌਣੀ ਨੂੰ ਛੱਡ ਕੇ ਦਲੀਆ, ਸੇਵੀਆਂ ਤੇ ਖਿੱਚੜੀ ਨੂੰ ਰਸੋਈ ਦਾ ਹਿੱਸਾ ਬਣਾਉਣਾ ਪਵੇਗਾ।
ਇਹ ਬਦਲਾਅ ਜਰੂਰੀ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ