ਇੱਕ ਬਾਪ..ਉਸਦੀ ਧੀ ਅਤੇ ਪੁੱਤਰ..ਦੋਵੇਂ ਟਿੱਕ ਟੋਕ ਵਿਚ ਗ੍ਰਸੇ ਹੋਏ..ਸ਼ਾਇਦ ਕੋਈ ਆਪਸੀ ਸਮਝੌਤਾ ਹੋਇਆ ਸੀ..ਇੱਕ ਦੂਜੇ ਵਿਚ ਕੋਈ ਦਖਲ ਨਹੀਂ..ਜਿੱਦਾਂ ਮਰਜੀ ਬਣਾਵੇ..ਬਾਪ ਆਖਣ ਲੱਗਾ ਮੈਨੂੰ ਤੇ ਟੈਕਨੋਲੋਜੀ ਦਾ ਏਨਾ ਪਤਾ ਨਹੀਂ ਪਰ ਆਂਢ-ਗੁਆਂਢ ਰਿਸ਼ਤੇਦਾਰੀ ਅਕਸਰ ਹੀ ਦੱਸਦੀ ਰਹਿੰਦੀ ਕੇ ਜੋ ਵੀ ਬਣਾਉਂਦੇ..ਵੇਖਣ ਯੋਗ ਨਹੀਂ ਹੁੰਦਾ..ਕੁਝ ਆਖਾਂ ਤੇ ਆਹਂਦੇ ਪੈਸੇ ਮਿਲਦੇ..ਹੁਣ ਤੁਸੀਂ ਦੱਸੋ ਕੀ ਕਰਾਂ?
ਮੈਨੂੰ ਕੋਈ ਜਵਾਬ ਤਾਂ ਅਹੁੜਿਆ ਨਹੀਂ ਪਰ ਇੱਕ ਪੂਰਾਣੀ ਗੱਲ ਜਰੂਰ ਚੇਤੇ ਆ ਗਈ..!
ਸੰਨ ਛਿਆਸੀ ਦਾ ਅਪ੍ਰੈਲ ਮਹੀਨਾ..ਚਮਕੀਲੇ ਦੇ ਗੰਦੇ ਗੀਤਾਂ ਦੀ ਸ਼ਿਕਾਇਤ ਹੋਣ ਤੇ ਅਮ੍ਰਿਤਸਰ ਸੱਦ ਲਿਆ..ਓਥੇ ਅੱਪੜਿਆ..ਅੱਗੋਂ ਬਾਬਾ ਜੱਫਰਵਾਲ..ਓਏ ਤੂੰ ਹੀ ਹੈਂ ਜੋ ਗੰਦੇ ਗੀਤ ਗਾਉਂਦਾ?
ਅੱਗਿਓਂ ਡਰ ਗਿਆ..ਫੇਰ ਕੋਲ ਬੈਠੇ ਬਾਬਾ ਮਾਨੋਚਾਹਲ ਨੇ ਨਰਮਾਈ ਜਿਹੀ ਨਾਲ ਪੁੱਛਿਆ..ਤਲਵਾਰ ਮੈਂ ਕਲਗੀਧਰ ਦੀ ਹਾਂ..ਤੂੰ ਹੀ ਗਾਇਆ ਏ ਨਾ..ਮੈਂ ਅਨੰਦਪੁਰ ਸਾਬ ਸੁਣਿਆ ਸੀ..ਚਲ ਓਦਾਂ ਦੇ ਗਾ ਲਿਆ ਕਰ..!
ਮੁੱਕ ਗਏ ਚਮਕੀਲੇ ਵਿਚ ਜੀਵੇਂ ਮੁੜ ਜਾਨ ਪੈ ਗਈ ਹੋਵੇ..ਓਸੇ ਵੇਲੇ ਝੋਲੇ ਵਿਚੋਂ ਗੀਤਾਂ ਵਾਲੀ ਡਾਇਰੀ ਕੱਢੀ..ਅਖ਼ੇ ਆਹ ਵੇਖੋ ਬਾਬਾ ਜੀ ਜੋ ਵੀ ਲਿਖਿਆ ਸਭ ਧਾਰਮਿਕ ਹੀ ਹੈ..!
ਅੱਗਿਓਂ ਹੱਸ ਪਿਆ ਅਖ਼ੇ ਮੈਂ ਡਾਇਰੀ ਡੂਰੀ ਕਾਹਦੀ ਵੇਖਣੀ..ਜੋ ਵੀ ਲਿਖਦਾ ਕੇਰਾਂ ਆਪਣੀ ਭੈਣ ਨੂੰ ਜਰੂਰ ਪੜਾ ਲਿਆ ਕਰ..ਓਹੀ ਤੇਰਾ ਸੈਂਸਰ ਬੋਰਡ ਏ!
ਦੋਸਤੋ ਓਹਨਾ ਵੇਲਿਆਂ ਦੀ ਗੱਲ ਏ ਜਦੋਂ ਭੈਣ ਭਾਈ ਅੱਜ ਕੱਲ ਵਰਗੇ ਟਿੱਕ ਟੋਕੀ ਸਮਝੌਤੇ ਨਹੀਂ ਸਨ ਕਰਿਆ ਕਰਦੇ!
ਹਰਪ੍ਰੀਤ ਸਿੰਘ ਜਵੰਦਾ
ਸਮਾਂ ਹੀ ਬਦਲ ਗਿਆ ਵੀਰ ਜੀ