ਮੁਲਖ ਦੇ ਦੋ ਕਨੂੰਨ..ਬਹੁ-ਗਿਣਤੀ ਲਈ ਹੋਰ ਤੇ ਘੱਟ ਗਿਣਤੀ ਲਈ ਹੋਰ..ਏਨੀ ਗੱਲ ਆਖਣ ਤੇ ਕਈ ਬਹਿਸਣ ਲੱਗ ਪੈਂਦੇ..ਕਿਓਂ ਸੋਚਦੇ ਓ ਇੰਝ..ਕਿੰਨਾ ਕੁਝ ਤੇ ਦਿੱਤਾ ਇਸ ਸਿਸਟਮ ਨੇ..!
ਭਾਈ ਸਾਬ ਦੀ ਸਗੀ ਭਤੀਜੀ ਦਾ ਵਿਆਹ..ਭਰਾ ਪਹਿਲੋਂ ਹੀ ਮੁੱਕ ਗਿਆ ਸੀ..ਪਿਓ ਦੀ ਥਾਂ..ਸਿਸਟਮ ਨੇ ਪੈਰੋਲ ਦਿੱਤੀ..ਸਿਰਫ ਦੋ ਘੰਟਿਆਂ ਲਈ..ਉਹ ਵੀ ਪਰਛਾਵੇਂ ਵਾਂਙ ਨਾਲ ਨਾਲ ਲੱਗੇ ਰਹੇ..!
ਓਧਰ ਬਲਾਤਕਾਰੀ ਕਾਤਲ ਅਤੇ ਹੋਰ ਵੀ ਸੰਗੀਨ ਦੋਸ਼ਾਂ ਵਿਚ ਸਜਾ ਪ੍ਰਾਪਤ..ਸਾਲ ਵਿਚ ਛੇ ਛੇ ਮਹੀਨੇ ਦੀ ਪੈਰੋਲ..ਵੇਖਿਓ ਬਾਕੀ ਰਹਿੰਦੀ ਵੀ ਉਕੀ ਪੁੱਕੀ ਕਰ ਕੇ ਛੇਤੀ ਜੇਲ ਵਿਚੋਂ ਰਿਹਾ ਹੋਊ..ਦੂਜੇ ਪਾਸੇ ਜੇਲ ਵਿਚੋਂ ਸ਼ਰੇਆਮ ਇੰਟਰਵਿਊ..ਦਿਲ ਨੂੰ ਧਰੂਹ ਤੇ ਪੈਂਦੀ ਹੀ ਹੈ..ਕਿੰਨਾ ਦੇ ਵੱਸ ਪੈ ਗਏ ਹਾਂ..ਅਪੀਲ ਦਲੀਲ ਹੀ ਹੈਨੀ ਕੋਈ..ਏਧਰ ਲੀਡਰ ਵਿਹੂਣੀ ਕੌਂਮ..ਕੌਂਮੀ ਮੰਚਾਂ ਤੋਂ ਸ਼ਰੇਆਮ ਹੇਠਾਂ ਲਾਹੇ ਜਾਂਦੇ ਜਿੰਦਾ ਸ਼ਹੀਦਾਂ ਦੇ ਬਾਪ..ਆਪਣਿਆਂ ਵੱਲੋਂ ਏਨੀ ਨਫਰਤ..ਏਨੀ ਦਜਾਇਗੀ..ਕੋਈ ਜੁਆਬਦੇਹੀ ਹੀ ਹੈਨੀ..!
ਜੇਲ ਦੀਆਂ ਸਲਾਖਾਂ ਅੰਦਰ ਬੰਦ ਕੌਂਮੀ ਹੀਰਿਆਂ ਦਾ ਖਾਣ ਪੀਣ ਸੌਣ ਪਹਿਨਣ ਦਵਾਈਆਂ ਇਲਾਜ ਉੱਠਣ ਬੈਠਣ..ਸਭ ਕੁਝ ਉਸ ਸਿਸਟਮ ਦੇ ਹੱਥ ਵੱਸ ਜਿਸਨੂੰ ਸੱਤ ਸਮੁੰਦਰ ਪਾਰ ਜਾ ਕੇ ਵੀ ਬੰਦਾ ਮਰਵਾਉਣ ਤੋਂ ਕੋਈ ਗੁਰੇਜ ਨਹੀਂ..ਬੇਸ਼ੱਕ ਤਿਲ-ਤਿਲ ਕਰ ਕੇ ਮਾਰੀ ਜਾਵਣ..ਕਿਸੇ ਨੂੰ ਕੀ ਪਤਾ ਲੱਗਣਾ..ਪੈਰਾਂ ਹੇਠ ਲਏ ਬਟੇਰ..ਬਹੁ ਗਿਣਤੀ ਨੂੰ ਖੁਸ਼ ਕਰਨ ਖਾਤਿਰ ਜਦੋਂ ਮਰਜੀ ਸਿਰੀ ਮਿੱਧ ਦੇਣ..!
ਇਹ ਵਿਸ਼ੇ ਉਚੇਚਾ ਧਿਆਨ ਮੰਗਦੇ..ਪਰ ਧਿਆਨ ਕਰਨਾ ਕਿੰਨੇ..ਅਸੀਂ ਤੁਸੀਂ ਅਤੇ ਸੁਹਿਰਦ ਪੰਥਿਕ ਧਿਰਾਂ ਨੇ..ਘੋਗਲ ਕੰਨੇ ਹੋਇਆ ਗੱਲ ਨਹੀਂ ਬਣਨੀ..!
ਜੇ ਚਾਰੇ ਬੰਨੇ ਕੋਈ ਵਾਹ ਪੇਸ਼ ਨਹੀਂ ਜਾਂਦੀ ਤਾਂ ਘਟੋਂ ਘੱਟ ਅਰਦਾਸ ਤੇ ਕੀਤੀ ਹੀ ਜਾ ਸਕਦੀ..ਸੱਚੇ ਮਨੋ ਕੀਤੀ ਦੱਸਦੇ ਧੁਰ ਦਰਗਾਹੇ ਪ੍ਰਵਾਨ ਜਰੂਰ ਹੁੰਦੀ ਹੈ!
ਹਰਪ੍ਰੀਤ ਸਿੰਘ ਜਵੰਦਾ