ਸਾਡਾ ਪੁਰਾਤਣ ਖਾਣ ਪਾਣ ਰੁੱੱਤਾਂ ਅਤੇ ਮੌਸਮ ਦੇ ਅਨਕੂਲ ਹੀ ਬਣਾਇਆ ਗਿਆ ਹੈ । ਬਹੁਤੇ ਖਾਣ ਪੀਣ ਦੇ ਪਦਾਰਥ ਤਾਂ ਕੁਦਰਤ ਨੇ ਹੀ ਇਸ ਤਰਾਂ ਬਣਾਏ ਹਨ ਕਿ ਉਹ ਰੁੱਤ ਅਤੇ ਮੋਸਮ ਅਨਸਾਰ ਸਰੀਰ ਨੂੰ ਗਰਮੀ ਤੇ ਸਰਦੀ ਦਿੰਦੇ ਹਨ। ਇਹਨਾ ਪਦਾਰਥਾਂ ਦੀ ਤਾਸੀਰ ਮੌਸਮ ਅਨੁਸਾਰ ਹੀ ਗਰਮ ਤੇ ਠੰਡੀ ਹੁੰਦੀ ਹੈ।ਜਿਸਮ ਨੂੰ ਠੰਡ ਜਾ ਗਰਮੀ ਦੇਣ ਲਈ ਇਹ ਪਦਾਰਥ ਉਸ ਰੁੱਤ ਚ ਹੀ ਖਾਣੇ ਚੰਗੇ ਲੱਗਦੇ ਹਨ। ਅੱਜ ਕੱਲ ਸ਼ਬਜੀਆਂ ਫਲ ਬੇਰੁੱਤੇ ਪੈਦਾ ਕੀਤੇ ਜਾਂਦੇ ਹਨ ਅਤੇ ਬਿਨਾ ਰੁੱਤ ਤੌ ਹੀ ਖਾਧੇ ਜਾਂਦੇ ਹਨ ਜਿਹਨਾਂ ਨੂੰ ਹਰ ਸਰੀਰ ਸਹਿਣ ਨਹੀ ਕਰ ਸਕਦਾ ਤੇ ਉਹ ਜਿਸਮ ਨੂੰ ਤਾਕਤ ਊਰਜਾ ਦੇਣ ਦੀ ਬਜਾਇ ਉਲਟਾ ਨੁਕਸਾਨ ਕਰਦੇ ਹਨ। ਇਸ ਨਾਲ ਮਨੁੱਖ ਨੂੰ ਤਰਾਂ ਤਰਾਂ ਦੀਆਂ ਬੀਮਾਰੀਆਂ ਲੱਗਦੀਆਂ ਹਨ।ਅੱਜ ਤਕਰੀਬਨ ਹਰ ਵਿਅਕਤੀ ਹੀ ਕਿਸੇ ਨਾ ਕਿਸੇ ਰੋਗ ਤੋ ਪੀੜਤ ਹੈ ਤੇ ਉਸਦੀ ਬੀਮਾਰੀ ਦੀ ਵਜ੍ਹਾ ਵੀ ਇਹ ਗਲਤ ਤੇ ਬੇਰੁੱਤਾ ਖਾਣ ਪਾਣ ਹੀ ਹੈ।
ਗਰਮੀਆਂ ਵਿੱਚ ਨਿੰਬੂ ਦੀ ਸਿਕੰਜਮੀ, ਅੰਬਪਾਣੀ, ਠਿੰਡਆਈ ਸਰਬਤ, ਸਕੱਰਪਾਣੀ ਦੀ ਤਾਸੀਰ ਠੰਡੀ ਹੋਣ ਕਰਕੇ ਪੀਤੇ ਜਾਦੇ ਹਨ।ਤੇ ਸਰਦੀਆਂ ਵਿੱਚ ਝੂਹਾਰੇ ਵਾਲਾ ਗਰਮ ਦੁੱਧ। ਇਸ ਤਰਾਂ ਸਰਦੀਆਂ ਦੇ ਫਲ ਵੀ ਗਰਮੀਆਂ ਦੇ ਫਲਾਂ ਨਾਲੋ ਵੱਖਰੇ ਹੁੰਦੇ ਹਨ। ਸਰਦੀਆਂ ਵਿੱਚ ਲੋਕ ਮੁੰਗਫਲੀ, ਤਿਲ੍ਹ ਗੱਚਕ, ਮੱਕੀ ,ਬਾਜਰੀ ਖਜੂਰਾਂ ਆਦਿ ਖਾਂਦੇ ਹਨ ਇਸ ਨਾਲ ਸਰਦੀ yਤੌ ਬਚਾਵ ਹੁੰਦਾ ਹੈ। ਮੀਂਹ ਦੀ ਰੁੱਤੇ ਸਾਉਣ ਦੇ ਮਹੀਨੇ ਲੋਕੀ ਮੱਠੀਆਂ ਗੁਲਗਲੇ, ਪੂੜੇ ਖਾਂਦੇ ਹਨ।
ਮੋਠ ਬਾਜਰੇ ਦੀ ਖਿਚੜੀ ਮੁੱਖ ਰੂਪ ਵਿੱਚ ਤਾਂ ਰਾਜਸਥਾਨੀ ਵਿਰਸੇ ਨਾਲ ਜੁੜਿਆ ਖਾਣਾ ਹੈ ਪਰ ਇਹ ਪੰਜਾਬ ਹਰਿਆਣਾ ਤੇ ਹੋਰ ਰਾਜਾਂ ਵਿੱਚ ਵੀ ਬਹੁਤ ਪ੍ਰਚਲਤ ਹੈ।ਕਿਉਕਿ ਬਾਜਰੇ ਅਤੇ ਮੋਠਾਂ ਦੀ ਤਾਸੀਰ ਗਰਮ ਹੁੰਦੀ ਹੈ । ਇਹ ਸਰੀਰ ਨੂੰ ਗਰਮੀ ਦਿੰਦੇ ਹਨ। ਸਭ ਤੋ ਪਹਿਲਾਂ ਬਾਜਰੇ ਨੂੰ ਗਿੱਲਾ ਕਰਕੇ ਉਖਲੀ ਵਿੱਚ ਕੁੱਟਿਆ ਜਾਂਦਾ ਹੈ। ਫਿਰ ਸੁਕਾ ਕੇ ਵਿੱਚ ਮੋਠ ਅਤੇ ਚਾਵਲ ਮਿਲਾਏ ਜਾਂਦੇ ਹਨ। ਪਹਿਲਾਂ ਤੇ ਹਾਰੀ ਤੇ ਮਿੱਟੀ ਦੇ ਕੁੱਜੇ ਵਿੱਚ ਇਸ ਨੂੰ ਰਿੰਨਿਆ ਜਾਂਦਾ ਸੀ। ਪਰ ਅੱਜ ਕੱਲ ਕੂਕਰ ਤੇ ਸੀਟੀਆਂ ਵਜਾਕੇ ਇਹ ਕੰਮ ਕੀਤਾ ਜਾਂਦਾ ਹੈ। ਰਿੰਨੀ ਹੋਈ ਇਸ ਖਿੱਚੜੀ ਨੂੰ ਖਾਣ ਦੇ ਵੀ ਦੋ ਤਰੀਕੇ ਹਨ। ਕਈ ਲੋਕ ਇਸ ਖਿੱਚੜੀ ਵਿੱਚ ਖੰਡ ਜਾ ਗੁੜ ਪਾਕੇ ਦੁੱਧ ਨਾਲ ਖਾਂਦੇ ਹਨ।ਇਸ ਨਾਲ ਇਸ ਦਾ ਸਵਾਦ ਮਿੱਠਾ ਹੋ ਜਾਂਦਾ ਹੈ। ਪਰ ਕਈ ਲੋਕ ਇਸ ਨੂੰ ਅਦਰਕ ਅਤੇ ਲਾਲ ਮਿਰਚ ਦਾ ਤੜਕਾ ਲਾਕੇ ਦਹੀ ਨਾਲ ਖਾਂਦੇ ਹਨ। ਪਿੰਡਾਂ ਵਿੱਚ ਕਿਉਕਿ ਖੱਟੀ ਲੱਸੀ ਆਮ ਮਿਲ ਜਾਂਦੀ ਹੈ ਲੋਕ ਦਹੀ ਦੀ ਬਜਾਇ ਲੱਸੀ ਪਾਕੇ ਖਾਂਦੇ ਹਨ। ਖਾਣ ਦੇ ਢੰਗ ਵੱਖਰੇ ਵੱਖਰੇ ਹੁੰਦੇ ਹਨ। ਕਈ ਲੋਕ ਖਿੱਚੜੀ ਦੀ ਬਜਾਇ ਲੱਸੀ ਨੂੰ ਹੀ ਤੜਕਾ ਲਾਉਂਦੇ ਦੇਖੇ ਗਏ ਹਨ। ਚਾਹੇ ਮੋਜੂਦਾ ਯੁੱਗ ਵਿੱਚ ਚਮਚ ਦਾ ਚਲਣ ਵੱਧ ਗਿਆ ਹੈ ਤੇ ਲੋਕ ਚਮਚੇ ਨਾਲ ਖਿੱਚੜੀ ਖਾਂਦੇ ਹਨ। ਪਰ ਹੱਥ ਨਾਲ ਦਹੀ ਮਿਲਾਕੇ ਖਾਣ ਦਾ ਸਵਾਦ ਹੀ ਵੱਖਰਾ ਹੈ।
ਅੱਜ ਕੱਲ ਦੀ ਜਨਰੇਸ਼ਨ ਜ਼ੌ ਫਾਸਟ ਫੂਡ ਦੀ ਅੰਨੀ ਸੌਕੀਨ ਹੈ ਇਹਨਾ ਨਿਆਮਤਾਂ ਤੌ ਅਣਜਾਣ ਹੈ। ਪੁਰਾਣੇ ਬਜੁਰਗ ਇਸ ਖਿੱਚੜੀ ਨੂੰ ਬੜੇ ਚਾਅ ਨਾਲ ਖਾਂਦੇ ਹਨ। ਸਰਦੀਆਂ ਸੁਰੂ ਹੁੰਦੇ ਹੀ ਘਰਾਂ ਵਿੱਚ ਇਕੱਠੀ ਹੀ ਖਿੱਚੜੀ ਕੁੱਟ ਲਈ ਜਾਂਦੀ ਹੈ । ਚਾਹੇ ਅੱਜ ਕੱਲ ਇਹ ਖਿੱਚੜੀ ਬੰਦ ਪੈਕਟਾਂ ਵਿੱਚ ਵੀ ਮਿਲਦੀ ਹੈ। ਪਰ ਘਰ ਦੀ ਬਣਾਈ ਖਿੱਚੜੀ ਦੀ ਰੀਸ ਨਹੀ ਹੁੰਦੀ।
ਰਮੇਸ਼ ਸੇਠੀ ਬਾਦਲ
ਮੋ 98 766 27 233