ਹਿੰਮਤੀ ਔਰਤ | himmati aurat

ਕਾਜਲ ਦੀ ਸ਼ਾਦੀ ਹੋਏ ਦੱਸ ਦਿਨ ਹੋ ਗਏ ਸਨ। ਉਹ ਜਦੋੰ ਸਹੁਰੇ ਘਰ ਆਈ ਘਰ ਬਹੁਤ ਹੀ ਖਿਲਰਿਆ ਹੋਇਆ ਸੀ। ਉਸਨੇ ਇਨ੍ਹਾਂ ਦਿਨਾਂ ਵਿੱਚ ਘਰ ਨੂੰ ਸੁੰਦਰ ਰੂਪ ਵਿੱਚ ਬਦਲ ਦਿੱਤਾ ਸੀ। ਉਹ ਖਾਣਾ ਬਹੁਤ ਹੀ ਸੁਆਦ ਬਣਾਉਂਦੀ ਸਾਰੇ ਉਸਦੀਆਂ ਤਰੀਫਾਂ ਕਰਦੇ ਨਾ ਥਕਦੇ।
ਸ਼ਾਮ ਦੇ ਸਮੇਂ ਠੰਡੀ ਠੰਡੀ ਹਵਾ ਚਲ ਰਹੀ ਸੀ। ਬਿਜਲੀ ਕੜਕੀ ਤੇ ਬੂੰਦਾਂ ਬਾਂਦੀ ਹੋਣ ਲੱਗੀ ਮੌਸਮ ਬਹੁਤ ਹੀ ਖੁਸ਼ਨੂਮਾਂ ਹੋ ਗਿਆ। ਕਾਜਲ ਗੋਭੀ, ਆਲੂ, ਪਿਆਜ਼ ਦੇ ਪਕੌੜੇ ਤੇ ਚਟਨੀ ਬਣਾ ਕੇ ਲੈ ਆਈ।ਨਾਲ ਚਾਹ ਵੀ ਲੈ ਆਈ।
ਸਾਰਿਆਂ ਨੇ ਬੜੇ ਸੁਆਦ ਨਾਲ ਚਟਨੀ ਤੇ ਪਕੌੜੇ ਖਾਂਦੇ। ਉਸਦੀ ਨਨਾਣ ਨੇ ਕਿਹਾ, “ਭਾਬੀ, ਤੁਸੀਂ ਤਾਂ ਕਮਾਲ ਹੀ ਕਰ ਦਿੱਤੀ।’ ਪਕੌੜੇ ਤੇ ਚਟਨੀ ਤਾਂ ਬਹੁਤ ਹੀ ਸੁਆਦ ਬਣੇ ਹਨ। ਕਲ੍ਹ ਮੈਂ ਸਹੁਰੇ ਜਾ ਰਹੀ ਹਾਂ ਮੈਨੂੰ ਨਾਲ ਲਈ ਵੀ ਚਟਨੀ ਬਣਾ ਕੇ ਦੇਣਾ। ਕਾਜਲ ਮੁਸਕਰਾਉਣ ਲੱਗੀ ਤੇ ਕਿਹਾ “ਹੁਣੇ ਹੀ ਬਣਾ ਦਿੰਦੀ ਹਾਂ।”
ਕਾਜਲ ਹਰ ਵੇਲੇ ਖੁਸ਼ ਰਹਿੰਦੀ। ਉਸਦੇ ਪਤੀ ਕਮਲ ਨੂੰ ਬਹੁਤ ਚੰਗੀ ਲੱਗਦੀ।
ਰਾਤ ਨੂੰ ਖਾਣਾ ਬਣਾ ਕੇ ਪਿਤਾ ਜੀ ਨੂੰ ਦੇਣ ਗਈ ਤਾਂ ਉਸਦੇ ਹੱਥੋ ਪਲੇਟ ਡਿੱਗ ਗਈ।ਉਸਦੀਆਂ ਅੱਖਾਂ ਅੱਡੀਆਂ ਹੀ ਰਹਿ ਗਈਆਂ। ਉਸਦੇ ਮੂੰਹੋ ਅਵਾਜ਼ ਨਾ ਨਿਕਲੀ। ਪਲੇਟ ਦਾ ਖੜਾਕ ਸੁਣਕੇ ਕਮਲ ਉਸਦੀ ਨਨਾਣ ਅੰਦਰ ਆ ਗਏ।ਕਮਲ ਨੇ ਜਲਦੀ ਨਾਲ ਉਨ੍ਹਾਂ ਦੇ ਗਲ ਵਿਚੋਂ ਰੱਸਾ ਕੱਢਿਆ ਤੇ ਮੰਜੇ ਤੇ ਲਿਟਾ ਦਿੱਤਾ। ਕਾਜਲ ਨੂੰ ਪਿਤਾ ਜੀ ਦੇ ਕਮਰੇ ਵਿੱਚ ਆਣ ਲਈ ਇਕ ਮਿੰਟ ਵੀ ਦੇਰੀ ਲੱਗ ਜਾਂਦੀ ਤਾਂ ਉਹ ਪਿਤਾ ਜੀ ਨੂੰ ਗਵਾ ਦਿੰਦੇ। ਉਸਨੇ ਪਿਤਾ ਜੀ ਨੂੰ ਪਾਣੀ ਪਿਲਾਇਆ ਤੇ ਕਮਲ ਨੇ ਪਿਆਰ ਨਾਲ ਪੁੱਛਿਆ “ਤੁਸੀਂ ਆਪਣੇ ਆਪ ਨੂੰ ਫਾਂਸੀ ਕਿਉਂ ਲਗਾਣ ਜਾ ਰਹੇ ਸੀ?” ਹੁਣ ਤਾਂ ਮੁਸ਼ਕਲ ਸਮੇਂ ਦੇ ਪਲ ਬੀਤ ਗਏ ਹਨ। ਉਹ ਮੁਸ਼ਕਲ ਸਮਾਂ ਤਾਂ ਤੁਸੀਂ ਖੁਸ਼ੀ – ਖੁਸ਼ੀ ਬਤਾ ਦਿੱਤਾ ਜਦੋਂ ਮਾਂ ਨੂੰ ਕੈਸਰ ਹੋ ਗਿਆ ਸੀ। ਮਾਂ ਹਸਪਤਾਲ ਵਿੱਚ ਦਮ ਤੋੜ ਗਈ ਸੀ। ਸਾਰਿਆਂ ਨੇ ਤੁਹਾਨੂੰ ਦੂਜੀ ਸ਼ਾਦੀ ਕਰਨ ਤੇ ਬਹੁਤ ਜੋਰ ਦਿੱਤਾ ਸੀ। ਦਾਦੀ ਮਾਂ ਨੇ ਤੁਹਾਨੂੰ ਲੜਕੀ ਦੀ ਫੋਟੋ ਵੀ ਦਿਖਾਈ ਸੀ। ਤੁਸੀਂ ਇਹ ਕਹਿ ਕੇ ਮਨ੍ਹਾ ਕਰ ਦਿੱਤਾ ਸੀ ਕਿ ਪਤਾ ਨਹੀਂ ਨਵੀਂ ਕਿਹੋ ਜਿਹੀ ਹੋਵੇਗੀ ਮੈਂ ਆਪ ਬੱਚਿਆਂ ਨੂੰ ਪਾਲ ਲਵਾਂਗਾ।
“ਹੁਣ ਐਸਾ ਕੀ ਹੋ ਗਿਆ, ਪਿਤਾ ਜੀ।” ਪਿਤਾ ਜੀ ਇਵੇਂ ਹੋ ਗਏ ਸਨ ਜਿਵੇਂ ਉਦਾਸੀ ਦੀ ਡੂੰਘੀ ਖਾਈ ਵਿੱਚ ਡਿੱਗੇ ਹੋਣ। ਉਨ੍ਹਾਂ ਨੇ ਚੁੱਪੀ ਸਾਧ ਲਈ। ਕਮਲ ਤੇ ਕਾਜਲ ਦੇ ਬਾਰ-ਬਾਰ ਪੁਛਣ ਤੇ ਪਿਤਾ ਜੀ ਬੜੀ ਮੁਸ਼ਕਲ ਨਾਲ ਬੋਲ ਹੀ ਪਏ, “ਤੇਰੀ ਭੈਣ ਦੇ ਵਿਆਹ ਲਈ ਕਰਜ਼ ਲਿਆ ਸੀ। ਉਹ ਮੋੜ ਨਹੀਂ ਹੋਇਆ। ਬੈਂਕ ਤੋਂ ਰੋਜ਼ ਫੋਨ ਆਉਂਦੇ ਜ਼ਮੀਨ ਕੁੜਕ ਹੋਏਗੀ।”
“ਪਿਤਾ ਜੀ ਕਰਜਾ ਕਿੰਨਾ ਹੈ?” ਕਾਜ਼ਲ ਨੇ ਪੁਛਿਆ।
“ਤਿੰਨ ਲੱਖ……।”
“ਤਿੰਨ ਲੱਖ ਲਈ ਤੁਸੀਂ ਆਪਣੀ ਕੀਮਤੀ ਜਾਨ ਦੇਣ ਲੱਗੇ ਸੀ।”
“ਕੀ ਆਤਮਹੱਤਿਆ ਇਸ ਮਸਲੇ ਦਾ ਹੱਲ
ਹੈ?”
“ਮਸਲੇ ਦਾ ਹੱਲ ਤਾਂ ਸੋਚ ਵਿਚਾਰ ਨਾਲ ਨਿਕਲਦਾ ਹੈ। ਮੈਂ ਹੁਣੇ ਆਈ ਕਹਿ ਕੇ ਕਾਜਲ ਆਪਣੇ ਕਮਰੇ ਵਿੱਚ ਚਲੀ ਗਈ।”
“ਕੁੱਝ ਪਲਾਂ ਵਿੱਚ ਆਪਣੇ ਹੱਥ ਵਿੱਚ ਕੀਮਤੀ ਗਹਿਣੇ ਲੈ ਕੇ ਵਾਪਸ ਆ ਗਈ।”
“ਪਿਤਾ ਜੀ ਇਨ੍ਹਾਂ ਗਹਿਣਿਆਂ ਦੀ ਕੀਮਤ ਤਿੰਨ ਲੱਖ ਤੋਂ ਜਿਆਦਾ ਹੋਣੀ ਹੈ।”
“ਨਾ ਧੀਏ…… ਨਾ, ਮੈਂ ਤੇਰੇ ਗਹਿਣੇ ਨਹੀਂ ਲੈ ਸਕਦਾ। ਤੂੰ ਇਹ ਆਪਣੇ ਕੋਲ ਰੱਖ।
ਗਹਿਣੇ ਮੁਸ਼ਕਲ ਵਿੱਚ ਕੰਮ ਆਉਂਦੇ ਹਨ।”
ਗਹਿਣੇ ਪਿਤਾ ਜੀ ਦੇ ਹੱਥ ਵਿੱਚ ਪਕੜਾ ਕਿ ਕਾਜਲ ਨੇ ਮੁਸਕੁਰਾਹਟ ਨਾਲ ਕਿਹਾ, “ਜਦੋਂ ਚੰਗਾ ਸਮਾਂ ਆਵੇਗਾ ਤਾਂ ਗਹਿਣੇ ਨਵੇਂ ਬਣ ਜਾਣਗੇ।”
ਗਹਿਣਿਆਂ ਦਾ ਡੱਬਾ ਵਾਪਸ ਕਰਦੇ ਪਿਤਾ ਜੀ ਨੇ ਕਿਹਾ, “ਤੇਰੇ ਪੇਕਿਆਂ ਦੀ ਅਮਾਨਤ ਹੈ, ਤੂੰ ਆਪਣੇ ਕੋਲ ਰੱਖ ਲੈ।”
“ਨਹੀਂ ਪਿਤਾ ਜੀ, ਜੇ ਤੁਸੀਂ ਮੈਨੂੰ ਆਪਣੀ ਬੇਟੀ ਮੰਨਦੇ ਹੋ ਤਾਂ ਫੇਰ ਇਨ੍ਹਾਂ ਗਹਿਣਿਆਂ ‘ਤੇ ਤੁਹਾਡਾ ਹੱਕ ਹੈ। ਇਨ੍ਹਾਂ ਨੂੰ ਵੇਚ ਕੇ ਕਰਜ਼ ਲਾਹ ਦਿਉ।”
ਅਗਲੇ ਦਿਨ, ਕਾਜਲ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਬਣਾ ਕੇ ਨਾਲ ਲੱਸੀ ਦਾ ਡੱਬਾ ਲੈ ਕੇ ਖੇਤਾਂ ਵਿੱਚ ਚਲੀ ਗਈ। ਉਸ ਨੇ ਦੇਖਿਆ ਕਿ ਲਾਲ ਟਮਾਟਰਾਂ ਤੇ ਹੱਲ ਚੱਲਣ ਲੱਗਾ ਹੈ, ਉਸਨੇ ਇਸ਼ਾਰੇ ਨਾਲ ਹੱਲ ਵਾਹਣ ਤੋਂ ਮਨ੍ਹਾਂ ਕਰ ਦਿੱਤਾ।
ਪਿਤਾ ਜੀ ਨੇ ਕਾਜਲ ਨੂੰ ਕਿਹਾ, “ਪੁੱਤ ਇਨ੍ਹਾਂ ਦਾ ਮੰਡੀ ‘ਚ ਵੀ ਕੁੱਝ ਖਾਸ ਭਾਅ ਨਹੀਂ ਮਿਲਣਾ। ਮਿਹਨਤ ਕਰਣ ਤੋਂ ਅੱਛਾ ਹੈ ਕਿ ਅਸੀਂ ਇਨ੍ਹਾਂ ਤੇ ਹਲ ਚਲਾ ਦਈਏ, ਬਚਾ ਕਿ ਇਨ੍ਹਾਂ ਦਾ ਅਸੀਂ ਕੀ ਕਰ ਲਵਾਂਗੇ।”
“ਪਿਤਾ ਜੀ, ਮਿਹਨਤ ‘ਤੇ ਪਾਣੀ ਫੇਰਨ ਦਾ ਕੋਈ ਫਾਇਦਾ ਨਹੀਂ। ਤੁਸੀਂ ਹੀ ਕਹਿੰਦੇ ਹੋ ਕਿ ਮੈਂ ਬੜੀ ਸੁਆਦ ਚਟਨੀ ਬਣਾਉਂਦੀ ਹਾਂ ਤੇ ਫੇਰ ਕਿਉਂ ਨਾ ਅਸੀਂ ਟਮਾਟਰਾਂ ਦੀ ਚਟਨੀ ਬਣਾ ਕੇ ਸ਼ਹਿਰ ਵਿਚ ਵੇਚੀਏ। ਮੁੱਲ ਵੀ ਵਧੀਆ ਮਿਲ ਜਾਏਗਾ।” ਰੋਟੀ ਦਾ ਡੱਬਾ ਖੋਲ੍ਹਦੇ ਹੋਏ ਕਾਜਲ ਨੇ ਕਿਹਾ
ਉਨਾਂ ਨੇ ਮਿਲ ਕੇ ਖਾਣਾ ਖਾਦਾ ਫੇਰ ਕੁੱਝ ਟਮਾਟਰ ਤੋੜ ਕੇ ਘਰ ਲੈ ਗਈ ਤੇ ਘਰ ਜਾ ਕਿ ਚਟਨੀ ਬਣਾਉਣੀ ਸ਼ੁਰੂ ਕਰ ਦਿੱਤੀ।
ਉਸ ਦਿਨ ਕਾਜਲ ਦੀ ਗਵਾਂਢਣ ਮੀਨੂੰ ਉਸਦੇ ਘਰ ਉਸਨੂੰ ਮਿਲਣ ਆਈ ਤੇ ਆਉਂਦੇ ਹੀ ਕਹਿਣ ਲੱਗੀ, “ਕੀ ਗੱਲ ਕਾਜਲ, ਬਹੁਤ ਖੁਸ਼ਬੂ ਆ ਰਹੀ ਹੈ?”
“ਦੀਦੀ, ਅੱਜ ਮੈਂ ਖੇਤੋਂ ਟਮਾਟਰ ਲਿਆਂਦੇ ਸੀ ‘ਤੇ ਬਸ ਟਮਾਟਰਾਂ ਦੀ ਚਟਨੀ ਹੀ। ਬਣਾ ਰਹੀ ਸੀ।”
” ਕਾਜਲ, ਮੈਨੂੰ ਵੀ ਚਟਨੀ ਦਾ ਸਵਾਦ ਦਿਖਾ, ਕਿਵੇਂ ਦੀ ਬਣੀ ਹੈ।”, ਮੀਨੂੰ ਨੇ ਕਿਹਾ।
“ਹਾਂ ਜੀ ਦੀਦੀ, ਤੁਸੀਂ ਕਮਰੇ ‘ਚ ਬੈਠੋ ਮੈਂ ਹੁਣੇ ਲਿਆਉਂਦੀ ਆਂ।” ਮੀਨੂੰ ਕਮਰੇ ‘ਚ ਜਾ ਕਿ ਬੈਠ ਗਈ।
“ਲਉ ਦੀਦੀ, ਦੱਸੋ ਸਵਾਦ ਬਣੀ ਏ ਨਾ?”, ਕਾਜਲ ਨੇ ਚਟਨੀ ਦਿੰਦੇ ਹੋਏ ਮੀਨੂੰ ਨੂੰ ਕਿਹਾ।
“ਕਾਜਲ ਤੇਰੇ ਹੱਥ ਵਿੱਚ ਤਾ ਜਾਦੂ ਹੈ… ਜਾਦੂ। ਮੈਨੂੰ ਵੀ ਚਟਨੀ ਬਣਾਉਣੀ ਸਿਖਾਈਂ।”, ਮੀਨੂੰ ਨੇ ਚਟਨੀ ਦੀ ਤਾਰੀਫ ਕਰਦੇ ਕਿਹਾ।
“ਕਿਉਂ ਨਹੀਂ ਦੀਦੀ, ਜਰੂਰ ਚਟਨੀ ਬਣਾਉਣਾ ਸਿਖਾਵਾਂਗੀ।”
ਕਾਜਲ ਨੇ ਮੀਨੂੰ ਨੂੰ ਗੱਲਾਂ ਕਰਦਿਆਂ ਖੇਤ ‘ਤੇ ਜੋ ਹੋਇਆ, ਸਭ ਦੱਸਿਆ।
“ਕਾਜਲ ਤੂੰ ਚਟਨੀ ਬਹੁਤ ਸਵਾਦ ਬਣਾਉਂਦੀ ਏਂ, ਕੁੱਝ ਦਿਨਾਂ ਬਾਅਦ ਸੋਨੂੰ ਦੇ ਬਰਥ-ਡੇ ਦੀ ਅਸੀਂ ਪਾਰਟੀ ਰੱਖੀ ਹੈ ਤੇ ਤੂੰ ਬਚਿਆਂ ਨੂੰ ਲੈ ਕਿ ਜਰੂਰ ਆਉਣਾ ਹੈ। 10 ਕਿਲੋ ਚਟਨੀਬਣਾ ਕੇ ਪਹਿਲਾਂ ਦੇ ਦੇਵੀ। ਉਸ ਦਿਨ ਮੈਂ ਇਹ ਹੀ ਚਟਨੀ ਵਰਤਾਂਗੀ।
“ਕਿਉਂ ਨਹੀਂ ਦੀਦੀ ਜਰੂਰ”, ਕਾਜਲ ਨੇ ਮੁਸਕਰਾਉਂਦੇ ਹੋਏ ਕਿਹਾ।
ਕਾਜਲ ਕੋਲ ਬਹੁਤ ਆਡਰ ਆਣ ਲੱਗੇ। ਉਹ ਖੁਸ਼ੀ-ਖੁਸ਼ੀ ਸਮੇਂ ਤੇ ਸਾਰੇ ਆਡਰ ਪੂਰੇ ਕਰ ਦਿੰਦੀ।
ਉਸ ਕੋਲ ਕਾਫੀ ਰੁਪਏ ਇਕੱਠੇ ਹੋ ਗਏ ਸਨ।ਉਹ ਪਿਤਾ ਜੀ ਨੂੰ ਰੁਪਏ ਦੇ ਦਿੰਦੀ।
ਘਰ ਵਿੱਚ ਖੁਸ਼ੀ ਪਸਰੀ ਹੋਈ ਸੀ। ਕਾਜਲ ਦੇ ਚਿਹਰੇ ਤੇ ਮੁਸਕਾਨ ਬਿਖਰੀ ਹੋਈ ਸੀ। ਉਹ ਸਾਰਿਆ ਦੀ ਪਸੰਦ ਦਾ ਖਾਣਾ ਬਣਾ ਰਹੀ ਹੈ। ਪਿਤਾ ਜੀ ਘਰ ਵਿੱਚ ਪ੍ਰਵੇਸ਼ ਕਰਦੇ ਹਨ। ਉਹ ਕਾਜਲ ਨੂੰ ਅਵਾਜ਼ ਲਗਾਦੇ ਹਨ ਬੇਟੀ ਜਲਦੀ ਆਉ।ਦੇਖੋ ਤੁਹਾਡੇ ਲਈ ਕੀ ਲੈਂ ਕੇ ਆਇਆ। ਕਾਜਲ ਭੱਜਦੀ ਹੋਈ ਜਾਂਦੀ ਹੈ। ਆਪਣੇ ਗਹਿਣਿਆਂ ਵਾਲਾ ਡੱਬਾ ਦੇਖ
ਕੇ ਖੁਸ਼ ਹੋ ਜਾਂਦੀ ਹੈ। “ਮੇਰੇ ਗਹਿਣੇ”, ਕਹਿੰਦੀ ਡੱਬਾ ਖੋਲ ਕੇ ਦੇਖਦੀ ਹੈ।
ਤੇਰੀ ਅਮਾਨਤ ਵੇਚਣ ਨੂੰ ਮੇਰਾ ਦਿਲ ਨਹੀਂ ਕੀਤਾ ਸੀ। ਮੈਂ ਗਿਰਵੀ ਰੱਖ ਦਿੱਤੇ ਸੀ। ਕਾਜਲ ਆਪਣੇ ਗਹਿਣੇ ਦੇਖ ਕੇ ਖੁਸ਼ ਹੋ ਗਈ।
ਤੇਰੇ ਗਹਿਣੇ ਤੇਰੇ ਕਰਕੇ ਹੀ ਤੈਨੂੰ ਵਾਪਸ ਮਿਲੇ ਹਨ। ਤੇਰੀ ਕਮਾਈ ਦੇ ਰੁਪਏ ਜਿਹੜੇ ਤੂੰ ਦੇਂਦੀ ਮੈਂ ਬੈਂਕ ਵਿੱਚ ਜਮਾ ਕਰਵਾ ਦਿੰਦਾ। ਸੱਚ ਧੀਏ ਤੇਰੇ ਗੁਣਾਂ ਦੇ ਕਰਕੇ ਸਾਡਾ ਪਰਿਵਾਰ ਉਦਾਸੀ ਦੀਆਂ ਘੁੰਮਣ-ਘੇਰੀਆਂ ਵਿੱਚੋਂ ਨਿਕਲ ਕੇ ਖੁਸ਼ੀਆਂ ਦੇ ਮਹਿਲ ਉਸਾਰ ਲਏ ਹਨ।

ਭੁਪਿੰਦਰ ਕੌਰ ਸਾਢੌਰਾ

Leave a Reply

Your email address will not be published. Required fields are marked *