ਮਾਸੀ ਦਾ ਸਹੁਰਾ ਸ੍ਰ ਤਾਰਾ ਸਿੰਘ..ਠੰਡੇ ਥਾਂ ਮੰਜੀ ਡਾਹੀ ਹੋਣੀ..ਦੋ ਪਾਵੇ ਖਾਲ ਵਿਚ ਤੇ ਦੋ ਬਾਹਰ..ਭਰ ਗਰਮੀਂ ਵਿਚ ਵੀ ਓਥੇ ਹੀ ਛਾਵੇਂ ਬੈਠੇ ਰਹਿਣਾ..ਕਦੇ ਗਰਮੀਂ ਮਹਿਸੂਸ ਨਾ ਕਰਨੀ..ਉੱਤੇ ਅਮਰੂਦਾਂ ਦੇ ਕਿੰਨੇ ਸਾਰੇ ਫਲਦਾਰ ਰੁੱਖ..ਪਤਾ ਨੀ ਕਿਓਂ ਹਿਲਾਉਣ ਨਹੀਂ ਸਨ ਦਿੰਦੇ ਤੇ ਨਾ ਹੀ ਉੱਤੇ ਚੜਨ..ਕਹਿੰਦੇ ਜਿਹੜਾ ਪੱਕ ਗਿਆ ਆਪੇ ਡਿੱਗ ਜਾਊ..ਕੁਝ ਮਿੱਟੀ ਤੇ ਆਣ ਡਿੱਗਦੇ ਤੇ ਕੁਝ ਪਾਣੀ ਦੀ ਖਾਲ ਵਿਚ..ਤੋਤੇ ਚਿੜੀਆਂ ਵੀ ਸਮੇਂ ਸਮੇ ਟੀਸੀ ਤੋਂ ਕਿੰਨਾ ਕੁਝ ਸੁੱਟਦੇ ਰਹਿੰਦੇ..!
ਇੱਕ ਵੇਰ ਦੁਪਹਿਰੇ ਥੱਕ ਹਰ ਕੇ ਓਥੇ ਮੰਜੇ ਤੇ ਪੈ ਗਿਆ..ਨੀਂਦਰ ਆ ਗਈ..ਉਠਿਆ ਤਾਂ ਵੇਖਿਆ ਕਿੰਨੇ ਸਾਰੇ ਡਿੱਗੇ ਪਏ..ਸੋਚਿਆ ਕੁਝ ਪਾਣੀ ਵਿਚ ਵੀ ਜਰੂਰ ਰੁੜ ਗਏ ਹੋਣੇ..ਫੇਰ ਜਿਥੇ ਪਾਣੀ ਲੱਗਾ ਸੀ ਓਥੇ ਗਿਆ ਤਾਂ ਕਿੰਨੇ ਸਾਰੇ ਕਮਾਦ ਦੀਆਂ ਜੜਾਂ ਦੇ ਜੁੱਟ ਨਾਲ ਲੱਗੇ ਪਏ..ਕੁਝ ਧੁਰ ਕਮਾਦ ਅੰਦਰ ਵੀ ਜਰੂਰ ਚਲੇ ਗਏ ਹੋਣੇ..ਪਰ ਮੈਂ ਅੰਦਰ ਤੀਕਰ ਕਦੇ ਨਹੀਂ ਸਾਂ ਗਿਆ..ਨਾਲਦੇ ਆਖਦੇ ਉਸ ਪੈਲੀ ਵਿਚ ਇੱਕ ਵਰਮੀਂ ਏ..ਦੋ ਮੋਟੇ ਮੋਟੇ ਸੱਪ ਰਹਿੰਦੇ!
ਜਿੰਨੇ ਲੱਭੇ ਝੋਲੀ ਵਿਚ ਪਾ ਲਿਆਂਦੇ..ਉਹ ਹੱਸਣ ਲੱਗ ਪਏ..ਅਖ਼ੇ ਪੁੱਤਰਾ ਤੇਰੀ ਉਮਰੇ ਜਦੋਂ ਸਿਖਰ ਦੁਪਹਿਰੇ ਨੀਂਦਰ ਆ ਜਾਵੇ ਤਾਂ ਕਾਮਯਾਬੀ ਬਾਰ ਖੜਕਾ ਅੱਗੇ ਲੰਘ ਜਾਇਆ ਕਰਦੀ..ਫੇਰ ਇੰਝ ਹੀ ਮਗਰ ਭੱਜ ਵਾਪਿਸ ਮੋੜ ਕੇ ਲਿਆਉਣੀ ਪੈਂਦੀ ਏ..!
ਓਦੋਂ ਇਹਨਾਂ ਦੀ ਸਮਝ ਨਹੀਂ ਸੀ ਪੈਂਦੀ ਪਰ ਹੁਣ ਪਤਾ ਲੱਗਦਾ ਕਿੰਨੇ ਡੂੰਘੇ ਭਾਵ ਹੋਇਆ ਕਰਦੇ ਸਨ ਉਸ ਪੀੜੀ ਦੀਆਂ ਗੱਲਾਂ ਬਾਤਾਂ ਦੇ..!
ਹਰਪ੍ਰੀਤ ਸਿੰਘ ਜਵੰਦਾ