ਸੁਪਰਡੈਂਟ ਕੂਨਰ | superdent kooner

ਕੇਂਦਰ ਬਾਦਲ 1 ਜੋ ਸਾਡੇ ਸਕੂਲ ਵਿੱਚ ਬਣਦਾ ਸੀ ਵਿਖੇ ਸਰੀਰਕ ਸਿੱਖਿਆ ਦੇ ਲੈਕਚਰਾਰ ਸ੍ਰੀ
Gurcharan Singh Kunner ਕਈ ਵਾਰੀ ਬਤੌਰ ਕੇਂਦਰ ਸੁਪਰਡੈਂਟ ਸੇਵਾ ਨਿਭਾਉਣ ਆਏ। ਇਹ ਕੇਂਦਰ ਉਹਨਾਂ ਦੇ ਵੀ ਬੜਾ ਰਾਸ ਆਇਆ ਸੀ ਤੇ ਸਾਡੇ ਵੀ। ਉਹ ਸ਼ਾਂਤ ਮਾਹੌਲ ਵਾਲਾ ਕੇਂਦਰ ਚਾਹੁੰਦੇ ਸਨ ਤੇ ਅਸੀਂ ਬਾਹਰਲੀ ਬੇਲੋੜੀ ਦਖਲ ਅੰਦਾਜ਼ੀ ਤੋਂ ਰਹਿਤ ਮਾਹੌਲ ਚਾਹੁੰਦੇ ਸੀ ਤਾਂਕਿ ਬੱਚੀਆਂ ਨਿਰਵਿਘਨ ਆਪਣੇ ਪੇਪਰ ਦੇ ਸਕਣ। ਪਰ ਇੱਕ ਸਾਲ ਓਪਨ ਸਕੂਲ ਦੇ ਵਿਦਿਆਰਥੀਆਂ ਨੇ ਸਾਨੂੰ ਦੋਹਾਂ ਧਿਰਾਂ ਨੂੰ ਪ੍ਰੇਸ਼ਾਨ ਕਰ ਦਿੱਤਾ। ਲੰਬੇ ਲੰਬੇ ਮਨੁੱਖ ਜਿਹੇ ਵਿਦਿਆਰਥੀ ਪ੍ਰੀਖਿਆ ਟਾਈਮ ਦੀ ਪਰਵਾਹ ਕੀਤੇ ਬਿਨਾਂ ਹੀ ਤੁਰੇ ਆਉਂਦੇ। ਉਸ ਸਾਲ ਸੈਂਟਰ ਵਿੱਚ ਬੇਲੋੜੀ ਭੀੜਭਾੜ ਕਰਕੇ ਇੱਕ ਵਿਦਿਆਰਥੀ ਦੂਸਰੇ ਦੀ ਜਗ੍ਹਾ ਪੇਪਰ ਦੇ ਗਿਆ। ਗੱਲ ਉਪਰ ਤੱਕ ਪਹੁੰਚ ਗਈ। ਅਗਲੇ ਦਿਨ ਉਸ ਗਲਤ ਜਗ੍ਹਾ ਪੇਪਰ ਦੇਣ ਵਾਲੇ ਵਿਦਿਆਰਥੀ ਤੇ ਯੂ ਐਮ ਸੀ ਬਣ ਗਿਆ। ਪਰ ਵਿਭਾਗ ਨੇ ਆਪਣੀ ਜਾਂਚ ਵੀ ਸ਼ੁਰੂ ਕਰ ਦਿੱਤੀ। ਇਸ ਜਾਂਚ ਵਿੱਚ ਸੁਪਰਡੈਂਟ, ਡਿਪਟੀ ਸੁਪਰਡੈਂਟ, ਨਿਗਰਾਨ ਅਤੇ ਸਹਾਇਕ ਸੁਪਰਡੈਂਟ ਨਿਰਦੋਸ਼ ਪਾਏ ਗਏ। ਪਰ ਜਾਂਚ ਕਮੇਟੀ ਕਿਸੇ ਨਾ ਕਿਸੇ ਨੂੰ ਬਲੀ ਦਾ ਬੱਕਰਾ ਬਣਾਉਣਾ ਚਾਹੁੰਦੀ ਸੀ। ਜਾਂਚ ਕਮੇਟੀ ਵਿੱਚ ਆਇਆ ਸਾਡਾ ਹੀ ਇੱਕ ਲਿਹਾਜੀ ਅਫਸਰ ਦੂਹਰੀ ਗੇਮ ਖੇਡ ਰਿਹਾ ਸੀ। ਉਹ ਚਾਹੁੰਦਾ ਸੀ ਕਿ ਕਿਸੇ ਅਧਿਆਪਕ ਨੂੰ ਫਸਾਕੇ ਉਹ ਆਪਣੀ ਅਫ਼ਸਰੀ ਕਾਇਮ ਕਰ ਸਕੇ। ਇਸ ਲਈ ਉਹਨਾਂ ਨੇ ਡਿਊਟੀ ਦੇ ਰਹੇ ਕਿਸੇ ਗੁਰਚਰਨ ਸਿੰਘ ਪੀ ਟੀ ਈ ਨੂੰ ਫਸਾਉਣ ਦੀ ਚਾਲ ਚੱਲੀ। ਕੂਨਰ ਸਾਹਿਬ ਨਹੀਂ ਚਾਹੁੰਦੇ ਕਿ ਇਸ ਗਲਤੀ ਦੀ ਸਜ਼ਾ ਕਿਸੇ ਇੱਕ ਨੂੰ ਮਿਲੇ। ਕਿਉਂਕਿ ਇਹ ਇੱਕ ਸਮੂਹਿਕ ਜਿੰਮੇਵਾਰੀ ਵਾਲਾ ਕੰਮ ਸੀ। “ਜੇ ਤੁਸੀਂ ਕਿਸੇ ਤੇ ਕਾਰਵਾਈ ਕਰਨੀ ਚਾਹੁੰਦੇ ਹੀ ਹੋ ਤਾਂ ਮੇਰੇ ਤੇ ਕਰੋ।” ਕੂਨਰ ਸਾਹਿਬ ਨੇ ਸਟੈਂਡ ਲਿਆ। ਪਰ ਜਾਂਚ ਅਧਿਕਾਰੀ ਗੁਰਚਰਨ ਸਿੰਘ ਪੀ ਟੀ ਈ ਤੇ ਕਾਰਵਾਈ ਕਰਨੀ ਚਾਹੁੰਦੇ ਸੀ।
“ਜੇ ਕੋਈ ਸਜ਼ਾ ਮਿਲੇਗੀ ਤਾਂ ਉਹ ਗੁਰਚਰਨ ਸਿੰਘ ਕੂਨਰ ਨੂੰ ਮਿਲੇਗੀ ਕਿਸੇ ਗੁਰਚਰਨ ਸਿੰਘ ਪੀ ਟੀ ਈ ਨੂੰ ਨਹੀਂ।” ਕੂਨਰ ਸਾਹਿਬ ਨੇ ਦੋ ਟੁੱਕ ਫੈਸਲਾ ਸੁਣਾਇਆ। ਜਾਂਚ ਕਮੇਟੀ ਕੂਨਰ ਸਾਹਿਬ ਦੀ ਗੱਲ ਮੰਨ ਗਈ। ਇਸਤਰਾਂ ਸੁਪਰਡੈਂਟ ਸਾਹਿਬ ਨੇ ਇੱਕ ਨਿਰਦੋਸ਼ ਮੁਲਾਜਮ ਨੂੰ ਸਜ਼ਾ ਹੋਣ ਤੋਂ ਬਚਾ ਲਿਆ।
#ਰਮੇਸ਼ਸੇਠੀਬਾਦਲ

Leave a Reply

Your email address will not be published. Required fields are marked *