ਪਿਛਲੇ ਦਿਨੀਂ ਇੰਗਲੈਂਡ ਦੀ ਮਹਾਰਾਣੀ ਐਲਿਜ਼ਾਬੈਥ (Elizabeth) ਦੀ ਮੌਤ ਦੀ ਖਬਰ ਸੁਣੀ ਜੋ 95 ਸਾਲ ਦੀ ਉਮਰ ਵਿਚ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਇਸ ਸੰਸਾਰ ਤੋਂ ਚਲੀ ਗਈ। ਇਸ ਸੰਬੰਧ ਵਿੱਚ ਵਿਸ਼ਵ ਦੀਆਂ ਤਕਰੀਬਨ ਸਾਰੀਆਂ ਜਾਣੀਆਂ ਮਾਣੀਆਂ ਹਸਤੀਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ। ਪਰ ਜਦੋਂ ਪੰਜਾਬ ਜਾਂ ਕਹਿ ਲਓ ਸਿੱਖ ਆਗੂਆ ਅਤੇ ਜਨਤਾ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਤਾਂ ਉਹ ਇਕ ਹੈਰਾਨ ਕਰਨ ਵਾਲੀ ਗੱਲ ਸੀ। ਇਸ ਵਿਚ ਕੋਈ ਸ਼ੱਕ ਨਹੀਂ ਕੇ ਕਿਸੇ ਦੀ ਮੌਤ ਹੋਣਾ ਇੱਕ ਮੰਦਭਾਗੀ ਘਟਨਾ ਹੈ। ਪਰ ਮਹਾਰਾਣੀ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕਰਨ ਵਾਲੇ ਪੰਜਾਬੀ ਭਾਵੇਂ ਉਹ ਆਗੂ ਹੋਣ ਜਾਂ ਆਮ ਜਨਤਾ ਲੱਗਦਾ ਆਪਣਾ ਤੇ ਮਹਾਰਾਣੀ ਦਾ ਪਿਛੋਕੜ ਭੁੱਲ ਗਏ ਹਨ। ਨਾਲ ਹੀ ਭੁੱਲ ਗਏ ਹਨ ਮਹਾਰਾਣੀ ਜਿੰਦ ਕੌਰ ਦੇ ਵਿਰਲਾਪ ਅਤੇ ਸਾਡੇ ਅਜ਼ਾਦ ਸਿੱਖ ਰਾਜ ਦੇ ਆਖਰੀ ਮਹਾਰਾਜੇ ਦਲੀਪ ਸਿੰਘ ਦਾ ਉਮਰ ਭਰ ਦਾ ਸੰਘਰਸ਼ ਜਿਹੜਾ ਸਿਰਫ਼ ਤੇ ਸਿਰਫ਼ ਇੰਗਲੈਂਡ ਕਰਕੇ ਸੀ ਜਿਸਦੀ ਐਲਿਜ਼ਾਬੈਥ (Elizabeth) ਮਹਾਰਾਣੀ ਸੀ। ਕੀ ਅਸੀਂ ਭੁੱਲ ਗਏ ਹਾਂ ਕਿਵੇਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਅੰਗਰੇਜ਼ਾ ਨੇ ਸੰਧੀ ਤੋੜੀ ਅਤੇ ਧੋਖੇ ਨਾਲ ਸਿੱਖ ਰਾਜ ਹਾਸਲ ਕੀਤਾ। ਫਿਰ ਮਹਾਰਾਣੀ ਜਿੰਦ ਕੌਰ ਨੂੰ ਪੰਜਾਬ ਤੋਂ ਬਾਹਰ ਕੈਦ ਕਰ ਦਿੱਤਾ ਅਤੇ 5 ਸਾਲ ਦੇ ਮਹਾਰਾਜੇ ਦਲੀਪ ਸਿੰਘ ਨੂੰ ਮਾਂ ਨਾਲ਼ੋਂ ਵੱਖ ਕਰਕੇ ਇੰਗਲੈਂਡ ਭੇਜ ਦਿੱਤਾ ਅਤੇ ਇਸਾਈ ਬਣਾ ਦਿੱਤਾ। ਮਹਾਰਾਣੀ ਜਿੰਦ ਕੌਰ ਉਮਰ ਭਰ ਆਪਣੇ ਜਿਗਰ ਦੇ ਟੁਕੜੇ ਨੂੰ ਵੇਖਣ ਲਈ ਤਰਸਦੀ ਰਹੀ, ਦੂਜੇ ਪਾਸੇ ਮਹਾਰਾਜਾ ਦਲੀਪ ਸਿੰਘ ਮਾਂ ਅਤੇ ਧਰਤੀ ਮਾਂ ਲਈ ਤਰਸਦਾ ਰਿਹਾ ਅਤੇ ਨਾਲ ਹੀ ਸਿੱਖ ਰਾਜ ਦੀ ਬਹਾਲੀ ਲਈ ਸੰਘਰਸ਼ ਕਰਦਾ ਰਿਹਾ। ਇਸੇ ਦੌਰਾਨ ਪੰਜਾਬ ਦੇ ਜੁਝਾਰੂ ਲੋਕ ਵੀ ਅਜ਼ਾਦੀ ਮਿਲਣ ਤੱਕ ਸੰਘਰਸ਼ ਕਰਦੇ ਰਹੇ ਅਤੇ ਕੁਰਬਾਨੀਆਂ ਦਿੰਦੇ ਰਹੇ।ਜ਼ੁਲਮ ਦੀ ਏਥੇ ਹੀ ਬਸ ਨਹੀਂ ਹੋਈ ਜਾਣ ਲੱਗਿਆ ਵੀ ਅੰਗਰੇਜ਼ ਭਾਰਤ ਪਾਕਿਸਤਾਨ ਨਾਮ ਦੇ ਤਾਂ ਦੋ ਦੇਸ਼ ਬਣਾ ਗਏ ਪਰ ਸਿੱਖ ਰਾਜ (ਪੰਜਾਬ) ਜਿਸ ਨੂੰ ਹਾਸਲ ਕਰਨ ਲਈ ਉਨ੍ਹਾਂ ਨੂੰ ਸਭ ਤੋਂ ਜਿਆਦਾ ਮੁਸ਼ਕਲ ਕਰਨੀ ਪਈ ਅਤੇ ਜਿਹੜਾ ਸਭ ਤੋਂ ਘੱਟ ਸਮਾਂ ਗੁਲਾਮ ਰਿਹਾ ਨੂੰ ਦੋ ਹਿੱਸਿਆ ਵਿੱਚ ਵੰਡ ਕੇ ਅੱਧਾ ਭਾਰਤ ਤੇ ਅੱਧਾ ਪਾਕਿਸਤਾਨ ਨੂੰ ਦੇ ਦਿੱਤਾ ਅਤੇ ਸਿੱਖ ਰਾਜ ਦੀ ਹੋਂਦ ਈ ਖਤਮ ਕਰ ਦਿੱਤੀ।ਹੁਣ ਗੱਲ ਇਹ ਸਮਝ ਨੀ ਆਉਂਦੀ ਕਿ ਸਾਡੇ ਤੇ ਏਨਾ ਜ਼ੁਲਮ ਕਰਨ ਕਰਨ ਵਾਲਿਆ ਦੀ ਤਕਰੀਬਨ 100 ਸਾਲ ਦੀ ਉਮਰ ਭੋਗ ਕੇ ਮਰੀ ਹੋਈ ਮਹਾਰਾਣੀ ਦਾ ਸਾਡੇ ਆਗੂਆਂ ਅਤੇ ਜਨਤਾ ਨੂੰ ਭਲਾ ਕੀ ਦੁੱਖ? ਇਸਦੀ ਇੱਕ ਵਜ੍ਹਾ ਤਾਂ ਖਬਰਾਂ ਵਿਚ ਰਹਿਣਾ ਹੋ ਸਕਦੀ ਹੈ ਤੇ ਦੂਜੀ ਪੰਜਾਬ ਵਿਚਲੇ ਇਸਾਈ ਭਾਈਚਾਰੇ ਦੀਆਂ ਵੋਟਾਂ ਜਾਂ ਫਿਰ ਅਸੀਂ ਆਪਣੇ ਇਤਿਹਾਸ ਨੂੰ ਬਹੁਤ ਪਿੱਛੇ ਛੱਡ ਚੁੱਕੇ ਹਾਂ। ਚਲੋ ਵਜ੍ਹਾ ਜੋ ਵੀ ਹੋਏ ਪਰ ਇਸ ਘਟਨਾ ਤੋਂ ਇਕ ਗੱਲ ਤਾਂ ਸਿੱਧ ਹੋ ਗਈ ਕੇ ਮੌਤ ਇਕੱਲੀ ਮਹਾਰਾਣੀ ਐਲਿਜ਼ਾਬੈਥ (Elizabeth) ਦੀ ਨਹੀਂ ਸ਼ਾਇਦ ਸਾਡੇ ਜ਼ਮੀਰ ਦੀ ਵੀ ਹੋ ਚੁੱਕੀ ਹੈ।
✒️Prince Hazrah
9872342858