ਪਿੰਡ ਵਿੱਚ ਕੱਲ੍ਹ ਦੇ ਗੱਡੀਆਂ ਵਾਲੇ ਆਏ ਹੋਏ ਸੀ। ਸ਼ਾਮੋ ਜੋ ਸ਼ਾਇਦ ਸਾਰਿਆਂ ਤੋਂ ਵੱਡੀ ਉਮਰ ਦੀ ਸੀ, ਅੱਜ ਪਿੰਡ ਵਿੱਚ ਨਿੱਕਲੀ ਹੋਈ ਸੀ। ਉਹ ਇੱਕ ਘਰੋਂ ਨਿੱਕਲਦੀ ਤੇ ਦੂਜੇ ਘਰ ਵੜਦੀ ਤੇ ਘਰ ਦੀ ਮਾਲਕਣ ਨੂੰ ਆਵਾਜ਼ ਲਗਾਉਂਦੀ ….
ਤੱਕਲ਼ਾ ਖੁਰਚਣਾ ਲ਼ੈ ਲੳ ਬੀਬੀ ਤੱਕਲ਼ਾ ਖੁਰਚਣਾ।
ਇੱਦਾਂ ਹੀ ਕਰਦੀ ਕਰਾਉਂਦੀ ਉਹ ਸਰਦਾਰ ਗੁਰਮੁਖ ਸਿਉ ਦੇ ਘਰ ਪਹੁੰਚੀ। ਤੇ ਬੋਲੀ…
ਕਿੱਥੇ ਆ ਵੇ ਸਰਦਾਰਾ ਸਾਡੀ ਸਰਦਾਰਨੀ ਕਿਤੇ ਨਜ਼ਰ ਨਹੀਂ ਆਉਂਦੀ। ਗੁਰਮੁਖ ਸਿਉ ਹੱਸ ਕੇ ਬੋਲਿਆ ਆ ਕੁੜੇ ਸ਼ਾਮੋ, ਆ ਗਈ ਏਂ। ਲੱਗ ਈ ਗਿਆ ਟੈਮ ਤੇਰਾ।
ਸ਼ਾਮੋ ਬੋਲੀ ਸੀ ਕੀ ਦੱਸਾਂ ਸਰਦਾਰਾ। ਬੁੱਢੇ ਹੱਡਾਂ ਤੋਂ ਹੁਣ ਤੁਰਿਆ ਨਹੀਂ ਜਾਂਦਾ।ਪਰ ਮਜਬੂਰੀ ਨਾ ਬੜਾ ਕੁਝ ਕਰਵਾ ਦਿੰਦੀ ਆ।
ਨਾ ਕੀ ਹੋ ਗਿਆ ਤੈਨੂੰ ਸੁੱਖ ਤਾਂ ਹੈ ਕਿਵੇਂ ਤੇਰੇ ਮੂੰਹ ਦੀ ਰੰਗਤ ਬਦਲੀ ਪਈ ਆ? ਗੁਰਮੁਖ ਸਿਉ ਦੇ ਇਹਨਾਂ ਸਵਾਲਾਂ ਨੇ ਜਿਵੇਂ ਸ਼ਾਮੋਂ ਨੂੰ ਧੁਰ ਅੰਦਰੋਂ ਹਿਲਾ ਦਿੱਤਾ । ਉਹ ਗੁਰਮੁਖ ਸਿੰਘ ਦੀ ਕੁਰਸੀ ਦੇ ਕੋਲ ਭੁੰਜੇ ਬੈਠ ਗਈ।
ਕੀ ਦੱਸਾਂ ਸਰਦਾਰਾ ਧੀ ਦਾ ਵਿਆਹ ਧਰਿਆ ਈ ਤਾਂ ਹੀ ਮੈਂ ਸਰਦਾਰਨੀ ਕੋਲ ਆਈ ਸੀ ਵੀ ਜੇ ਕੋਈ ਕੱਪੜਾ ਲੀੜਾ ਹੋਵੇ , ਜਾਂ ਕੁਝ ਹੋਰ । ਜਿਹਦੇ ਨਾਲ ਮੈਂ ਆਪਣੀ ਗੁੱਡੀ ਦਾ ਕਾਜ ਰਚਾ ਸਕਾਂ।
ਗੁਰਮੁਖ ਸਿਉ ਬੋਲਿਆ ਕਿਉਂ ਇਹਨਾ ਝੰਜਟਾਂ ਵਿਚ ਪਈ ਆਂ ਸ਼ਾਮੋ, ਤੂੰ ਦੋ ਕੱਪੜਿਆਂ ਵਿੱਚ ਕੁੜੀ ਤੋਰ।
ਸ਼ਾਮੋ ਝੱਟ ਦੇਣੇ ਬੋਲੀ… ਨਾ ਸਰਦਾਰਾਂ ਨਾ ਕੁੜੀ ਹਉਂਕਾ ਲੈ ਕੇ ਘਰੋਂ ਜਾਊ ਤਾਂ ਸਾਨੂੰ ਸਾਰੀ ਜਿੰਦਗੀ ਚੈਨ ਕਿਵੇਂ ਮਿਲੂ।
ਸੱਧਰਾ ਤਾਂ ਸਾਰੀਆਂ ਧੀਆਂ ਦੀਆਂ ਇੱਕੋ ਜਿਹੀਆਂ ਹੀ ਹੁੰਦੀਆਂ ਨੇ ਮੈਂ ਹੋਰ ਵੀ ਬਹੁਤ ਸਾਰੇ ਘਰਾਂ ਵਿੱਚ ਆਖਿਆ ਹੋਇਆ ਕਿ ਜੀਹਦੇ ਤੋਂ ਜੋ ਵੀ ਸਰਦਾ ਬਣਦਾ ਪੁੰਨ ਦਾਨ ਜ਼ਰੂਰ ਕਰਿਓ ਭਾਈ।
ਬੂੰਦ ਬੂੰਦ ਨਾਲ ਤਾਂ ਸਾਗਰ ਵੀ ਭਰ ਜਾਂਦਾ ਫਿਰ ਮੇਰੀ ਬਾਲੜੀ ਦਾ ਵਿਆਹ ਕਿਵੇਂ ਨਾ ਹੋਊ।
ਥੋਡੇ ਕੀਤੇ ਪੁੰਨ ਦਾਨ ਨੇ ਹੀ ਮੇਰੀ ਧੀ ਦੇ ਚਾਅ ਅਤੇ ਅਰਮਾਨ ਪੂਰੇ ਕਰਨੇ ਨੇ।
ਸਾਡੀ ਵੀ ਕਬੀਲੇ ਵਿਚ ਇੱਜ਼ਤ ਰਹਿ ਜਾਊ। ਨਾਲੇ ਸਾਨੂੰ ਤਾਂ ਥੋਡੇ ਤੋਂ ਹੀ ਆਸ ਹੁੰਦੀ ਆ ਸਰਦਾਰਾ।
ਚੰਗਾ ਸਰਦਾਰਾ ਚਲਦੀ ਆਂ ਮੇਰਾ ਸੁਨੇਹਾ ਦੇਂਵੀਂ ਸਰਦਾਰਨੀ ਨੂੰ ਆਖ ਸ਼ਾਮੋ ਤੁਰਦੀ ਬਣੀ।