ਸਮਾਜ ਵਿੱਚ ਰਹਿੰਦੇ ਸਾਨੂੰ ਕਿਸੇ ਨਾ ਕਿਸੇ ਦੀ ਅੰਤਿਮ ਅਰਦਾਸ ਭੋਗ ਰਸਮ ਕਿਰਿਆ ਤੇ ਜਾਣਾ ਹੀ ਹੁੰਦਾ ਹੈ। ਅੱਜ ਕੱਲ੍ਹ ਅਜਿਹੇ ਸਮਾਗਮ ਮੰਦਿਰ ਗੁਰਦੁਆਰੇ ਯ ਕਿਸੇ ਧਰਮਸ਼ਾਲਾ ਦੇ ਹਾਲ ਵਿੱਚ ਕੀਤੇ ਜਾਂਦੇ ਹਨ। ਨਾਲ਼ ਹੀ ਸਭ ਲਈ ਲੰਗਰ ਭੋਜਨ ਦਾ ਪ੍ਰਬੰਧ ਹੁੰਦਾ ਹੈ। ਹਾਲ ਵਿੱਚ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਮਿਤ੍ਰਕ ਦੀ ਫੋਟੋ ਵੀ ਹਾਰ ਪਾਕੇ ਰੱਖੀ ਹੁੰਦੀ ਹੈ। ਪ੍ਰੋਗਰਾਮ ਦੀ ਸਮਾਪਤੀ ਤੋਂ ਬਾਦ ਕੋਈ ਨਾ ਕੋਈ ਧੀ ਹੀ ਉਸ ਫੋਟੋ ਨੂੰ ਅਦਬ ਨਾਲ਼ ਘਰੇ ਲੈਜਾਂਦੀ ਹੈ। ਕਿਉਂਕਿ ਦੂਸਰੇ ਲੋਕ ਰਿਸ਼ਤੇਦਾਰ ਹੋਰ ਕੰਮ ਸਮੇਟਣ ਵਿੱਚ ਰੁੱਝੇ ਹੁੰਦੇ ਹਨ। ਪੁੱਤਰਾਂ ਤੇ ਨੂੰਹਾਂ ਨੇ ਹਰ ਆਏ ਮਹਿਮਾਨ ਨੂੰ ਸੰਭਾਲਣਾ ਹੁੰਦਾ ਹੈ। ਧੀ ਨੂੰ ਆਪਣੇ ਮਾਂ ਯ ਬਾਪ ਦੇ ਚਲੇ ਜਾਣ ਦਾ ਦੁੱਖ ਤਾਂ ਹੁੰਦਾ ਹੀ ਹੈ। ਨਾਲ਼ ਹੀ ਉਸਨੂੰ ਪੇਕਿਆਂ ਚ ਆਪਣਾ ਜ਼ੋਰ ਖਤਮ ਹੋ ਗਿਆ ਲਗਦਾ ਹੈ। ਦੂਸਰਾ ਉਸ ਨੇ ਸੋਹਰੇ ਪਰਿਵਾਰ ਦੀ ਸੰਭਾਲ ਦਾ ਵੀ ਫਿਕਰ ਹੁੰਦਾ ਹੈ। ਰਿਸ਼ਤੇਦਾਰਾਂ ਤੇ ਹਿਤੈਸ਼ੀਆਂ ਦੇ ਇੱਕਠ ਨਾਲ਼ ਭਰਿਆ ਮੇਲਾ ਜਦੋ ਵਿਛੜਨ ਲਗਦਾ ਹੈ ਤਾਂ ਧੀ ਦਾ ਮਨ ਕੁਰਲਾ ਉਠਦਾ ਹੈ। ਜਦੋ ਕਿ ਕੁੜਮ ਕਬੀਲਾ ਸ਼ਰੀਕਾ ਸਭ ਓੱਥੇ ਬਣੀ ਖੀਰ ਜਲੇਬੀਆਂ ਖਾਣ ਵਿੱਚ ਮਸਤ ਹੁੰਦੇ ਹਨ। ਧੀ ਨੂੰ ਜਲੇਬੀਆਂ ਬਰਫੀ ਸਭ ਜ਼ਹਿਰ ਸਮਾਨ ਲਗਦੀ ਹੈ।
ਫੋਟੋ ਚੁੱਕੀ ਆਉਂਦੀ ਉਸ ਧੀ ਦਾ ਦਰਦ ਕੋਈ ਇਸੇ ਸਥਿਤੀ ਵਿਚੋਂ ਗੁਜਰੀ ਧੀ ਹੀ ਸਮਝ ਸਕਦੀ ਹੈ। ਮਾਪਿਆਂ ਬਿਨਾਂ ਉਸਨੂੰ ਦੁਨੀਆਂ ਸੁੰਨੀ ਲਗਦੀ ਹੈ।
ਕੱਲ੍ਹ ਇੱਕ ਅੰਤਿਮ ਅਰਦਾਸ ਤੋਂ ਬਾਦ ਆਪਣੇ ਪਾਪਾ ਦੀ ਤਸਵੀਰ ਚੁੱਕੀ ਆਉਂਦੀ ਇੱਕ ਧੀ ਨੂੰ ਵੇਖ ਕੇ ਮੈਨੂੰ ਉਹ ਦਿਨ ਯਾਦ ਆ ਗਿਆ ਜਦੋਂ ਅੰਤਿਮ ਅਰਦਾਸ ਵਾਲੇ ਦਿਨ ਪਾਪਾ ਦੀ ਤਸਵੀਰ ਵੇਖਕੇ ਮੇਰੀ ਵੱਡੀ ਭੈਣ ਸਮੇਤ ਸਾਡੇ ਕਿਸੇ ਦੇ ਵੀ ਰੋਟੀ ਦੀ ਬੁਰਕੀ ਨਹੀਂ ਲੰਘੀ ਸੀ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ