” ਨੀ ਸੰਤੋ , ਆਹ ਢੋਲ ਕੀਹਦੇ ਘਰ ਵੱਜ ਰਿਹਾ ? ”
” ਨਾ ਤੈਨੂੰ ਨੀ ਪਤਾ ਮੀਤੋ , ਅੱਜ ਨਸੀਬੋ ਦੇ ਘਰ ਦੀ ਦੇਹਲੀ ਵਧੀ ਐ , ਉਹ ਵੀ ਪੱਚੀ ਤੀਹ ਸਾਲ ਮਗਰੋਂ ਦਾਦੀ ਬਣੀ ਆ । ਅੱਜ ਉਹਦੇ ਘਰ ਪੋਤੀ ਦੀ ਵਧਾਈ ਲੈਣ ਆ ਰਹੇ ਨੇ ਮਹੰਤ । ”
” ਲੈ ਭੈਣੇ ਉਹਨਾਂ ਨੇ ਵੀ ਹੱਦ ਕਰਤੀ , ਪੋਤੀ ਦੀ ਵਧਾਈ ! ”
” ਹਾਂ ਪੋਤੀ ਦੀ ਵਧਾਈ ”
ਘਰ ਵਿੱਚ ਖੁਸੀਆਂ ਦਾ ਮਹੌਲ ਬਣਿਆ ਹੋਇਆ ਸੀ , ਮਹੰਤ ਵਧਾਈ ਲੈ ਰਹੇ ਸੀ। ਜਦ ਮਹੰਤ ਨੇ ਬੱਚੀ ਚੁੱਕ ਕੇ ਲੋਰੀ ਦਿੱਤੀ । ਇਹ ਦੇਖਕੇ ਬੱਚੀ ਦੀ ਮਾਂ ਜੀਤ ਰੋਣ ਲੱਗ ਪਈ । ਹੁਣ ਸਾਰੇ ਆਪੋ ਆਪਣੀ ਬੋਲੀ ਬੋਲਣ ਲੱਗੇ, ” ਅੱਜ ਖੁਸੀਆਂ ਭਰਿਆ ਦਿਨ ਹੈ। ਤੂੰ ਕਿਉਂ ਰੋ ਰਹੀ ਏ, ਕੋਈ ਨੀ ਰੱਬ ਤੇਰੀ ਵੀ ਸੁਣੇਗਾ । ” ਪਰ ਉਸਦਾ ਦਰਦ ਘਰ ਵਾਲੇ ਹੀ ਜਾਣਦੇ ਸੀ , ਕਿਉਂਕਿ ਉਹ ਮਹੰਤ ਉਸਦੇ ਜਿਗਰ ਦਾ ਟੋਟਾ ਸੀ , ਜਿਸ ਨੇ ਬੱਚੀ ਨੂੰ ਲੋਰੀ ਦਿੱਤੀ । ਜਦ ਵੀਰ ਨੇ ਭੈਣ ਨੂੰ ਲੋਰੀ ਦਿੱਤੀ , ਮਾਂ ਤੋਂ ਦੇਖਿਆ ਨਾ ਗਿਆ , ਅੱਖਾਂ ਵਿੱਚੋਂ ਸਾਉਣ ਦੇ ਮਹੀਨੇ ਵਾਂਗੂ ਹੰਝੂ ਵਹਾਅ ਰਹੀ ਮਾਂ ਨੂੰ ਪੁੱਤ ਨੇ ਗਲ ਲਾਇਆ , ਹੌਸਲਾ ਦਿੱਤਾ । ” ਮਾਂ ਇਹ ਰੱਬ ਦੇ ਰੰਗ ਨੇ ” ਕਹਿੰਦਾ ਹੋਇਆ ਅੱਖਾਂ ਵਿੱਚੋਂ ਹੰਝੂ ਕੇਰਦਾ ਆਪਣੇ ਘਰ ਦੇ ਦਰਵਾਜ਼ੇ ਤੋਂ ਸਦਾ ਲਈ ਬਾਹਰ ਹੋ ਗਿਆ ।
ਹਾਕਮ ਸਿੰਘ ਮੀਤ ਬੌਂਦਲੀ
ਮੰਡੀ ਗੋਬਿੰਦਗੜ੍ਹ