ਲੰਬੇ ਸਫ਼ਰ ਕਾਰਨ ਥਕਾਵਟ ਮਹਿਸੂਸ ਕਰਦਿਆਂ ਅਸੀਂ ਰਸਤੇ ਵਿਚਲੇ ਢਾਬੇ ਤੇ ਖੜ੍ਹ ਕੁੱਝ ਖਾਣ ਪੀਣ ਲਈ ਰੁਕੇ। ਆਰਡਰ ਕਰ ਪਾਣੀ ਹੀ ਪੀ ਰਹੇ ਸੀ ਕਿ ਇੱਕ ਨੌਜਵਾਨ ਨੇ ਬੜੀ ਜੋਰ ਨਾਲ਼ ਬੁਲਟ ਮੋਟਰਸਾਈਕਲ ਦੀਆਂ ਬਰੇਕਾਂ ਮਾਰ ਇਕਦਮ ਰੋਕਿਆ।ਮਨ ਵਿੱਚ ਭੈਅ ਜਿਹਾ ਵੀ ਆਇਆ। ਖੈਰ ਉਸ ਨੇ ਆਪਣਾ ਆਰਡਰ ਦਿੱਤਾ। ਮਹਿਸੂਸ ਹੋ ਰਿਹਾ ਸੀ ਕਿ ਉਹ ਬਹੁਤ ਕਾਹਲੀ ਵਿੱਚ ਹੈ।ਸਾਡਾ ਆਰਡਰ ਆਉਣ ਤੇ ਉਹ ਬਹਿਰੇ ਦੇ ਗਲ਼ ਪੈ ਗਿਆ ਕਿ ਡੇਢ ਘੰਟਾ ਹੋ ਗਿਆ ਬੈਠਿਆਂ..।ਬਹਿਰਾ ਸਾਹਿਬ ਸਾਹਿਬ ਕਰਦਾ ਚਲਾ ਗਿਆ, ਢਾਬਾ ਮਾਲਕ ਨੇ ਵੀ ਕਿਹਾ ਕਿ ਕਾਕਾ ਪੰਜ ਸੱਤ ਮਿੰਟਾਂ ਤਾਂ ਤਿਆਰ ਕਰਨ ਤੇ ਲੱਗਣਗੇ ਹੀ। ਉਹ ਬੈਠਾ ਹੋਇਆ ਵੀ ਲੱਗਦਾ ਸੀ ਜਿਵੇਂ ਦੌੜ ਰਿਹਾ ਹੋਵੇ। ਮੈਂ ਹਮਦਰਦੀ ਵਜੋਂ ਪੁੱਛ ਲਿਆ ਕਿ ਕਾਕਾ ਕੋਈ ਬਿਮਾਰ ਸ਼ੁਮਾਰ ਹੈ। “ਨਹੀਂ..” ਉਸ ਨੇ ਰੁੱਖਾ ਜਿਹਾ ਜਵਾਬ ਦਿੱਤਾ।”ਕੋਈ ਐਮਰਜੈਂਸੀ ਹੈ..?” ਮੈਂ ਫਿਰ ਪੁੱਛ ਬੈਠਾ।”ਕੁੱਝ ਨਹੀਂ, ਤੁਸੀਂ ਆਪਣਾ ਕੰਮ ਕਰੋ।” ਉਹ ਉੱਠ ਕੇ ਦੂਸਰੇ ਟੇਬਲ ਤੇ ਜਾ ਬੈਠਾ। ਚਲੋ, ਅਸੀਂ ਖਾ ਪੀ ਗੱਡੀ ਤੋਰ ਲਈ, ਥੋੜ੍ਹਾ ਹੀ ਅੱਗੇ ਗਏ ਹੋਵਾਂਗੇ ਕਿ ਉਹ ਬੜੀ ਤੇਜ਼ੀ ਨਾਲ ਮੋਟਰਸਾਈਕਲ ਭਜਾਉਂਦੇ ਸਾਥੋਂ ਅੱਗੇ ਨਿਕਲ ਗਿਆ। ਅਸੀਂ ਲੋਕਾਂ ਦੀ ਤੇਜ਼ੀ ਬਾਰੇ ਗੱਲਾਂ ਕਰਦੇ ਹੋਏ ਜਾ ਰਹੇ ਸੀ ਕਿ ਅੱਗੇ ਸੜਕ ਤੇ ਇਕੱਠ ਵੱਜਿਆ ਹੋਇਆ ਸੀ। ਲੱਗਦਾ ਸੀ ਕੋਈ ਦੁਰਘਟਨਾ ਹੋ ਗਈ ਹੈ। ਉੱਤਰ ਕੇ ਵੇਖਿਆ ਉਹ ਹੀ ਨੌਜਵਾਨ ਸੜਕ ਤੇ ਡਿੱਗਿਆ ਹੋਇਆ ਸੀ। ਕੁੱਝ ਲੋਕ ਉਸ ਨੂੰ ਗੱਡੀ ਵਿੱਚ ਪਾ ਰਹੇ ਸਨ। ਪਤਾ ਲੱਗਿਆ ਕਿ ਉਹ ਨੇੜੇ ਦੇ ਪਿੰਡ ਦਾ ਸੀ। ਤੇਜ਼ੀ ਨਾਲ ਮੋੜ ਮੁੜਦਿਆਂ ਮੋਟਰਸਾਈਕਲ ਤਿਲਕ ਗਿਆ ਸੀ। ਕਾਫ਼ੀ ਸੱਟਾਂ ਲੱਗੀਆਂ ਸਨ। ਕਿੱਥੇ ਜਾਣਾ ਤੋਂ ਕਿੱਥੇ ਲਿਜਾਣਾ ਤੇ ਗੱਲ ਆ ਗਈ ਸੀ।
ਗੁਰਮੀਤ ਸਿੰਘ ਮਰਾੜ੍ਹ