“ਦਾਲ ਬਹੁਤ ਸਵਾਦ ਹੈ। ਤੇ ਗਾਜਰ ਦਾ ਆਚਾਰ ਵੀ। ਪਰ ….।” ਮੂਹਰੇ ਪਰੋਸੀ ਰੋਟੀ ਵੇਖਕੇ ਮੇਰੇ ਮੂਹੋਂ ਸਭਾਇਕੀ ਨਿਕਲਿਆ।
“ਪਰ ਕੀ?” ਉਸ ਦੇ ਪੁੱਛਣ ਦੇ ਅੰਦਾਜ਼ ਤੋਂ ਮੈਨੂੰ ਲੱਗਿਆ ਕਿ ਅੱਜ ਤਵਾ ਠੰਡਾ ਹੀ ਹੈ ਤੇ ਮੈਨੂੰ ਮੇਰੀ ਇੱਛਾ ਪੂਰੀ ਹੁੰਦੀ ਲੱਗੀ।
“ਅੱਜ ਮੈਂ ਸਬਜ਼ੀ ਮੰਡੀ ਤੋਂ ਤਾਜ਼ਾ ਛੋਲੂਆ ਲਿਆਇਆ ਸੀ। ਤੇ…।” ਮੈਂ ਗੱਲ ਜਾਣਬੁੱਝ ਕੇ ਵਿਚਾਲੇ ਛੱਡ ਦਿੱਤੀ।
“ਹਾਂ ਮੈਨੂੰ ਪਤਾ ਹੈ ਤੁਸੀਂ ਛੋਲੂਆ ਤੇ ਮਸ਼ਰੂਮ ਲਿਆਏ ਹੋ। ਕੱਲ੍ਹ ਨੂੰ ਉਸੇ ਦੀ ਸਬਜ਼ੀ ਬਣਾਵਾਂਗੇ। ਹੁਣ ਤਾਂ ਦਾਲ ਬਣਾਈ ਹੈ ਸਾਬਤ ਮੂੰਗੀ।” ਉਸਨੇ ਕੱਲ੍ਹ ਦਾ ਮਨਿਊ ਰਿਲੀਜ਼ ਕਰ ਦਿੱਤਾ।
“ਨਾ ਛੋਲੂਆ ਵਾਧੂ ਲਿਆਂਦਾ ਹੈ। ਜੇ ਥੌੜੇ ਜਿਹੇ ਛੋਲੂਏ ਦੀ ਚੱਟਣੀ ਬਣ ਜਾਵੇ । ਤਾਂ ਰੋਟੀ ਦਾ ਨਜ਼ਾਰਾ ਆਜੂਗਾ।” ਮੈਂ ਦਿਲ ਦੀ ਗੱਲ ਦੱਸੀ। ਦਰਅਸਲ ਅੱਜ ਜਦੋਂ ਮੈਂ ਸਬਜ਼ੀ ਮੰਡੀ ਗਿਆ ਤਾਂ ਉਥੇ ਬਹੁਤ ਸਾਰੇ ਲੋਕ ਤਾਜ਼ਾ ਛੋਲੂਆ ਕੱਢ ਕੇ ਵੇਚ ਰਹੇ ਸਨ। ਸਭ ਦਾ ਰੇਟ ਇੱਕ ਹੀ ਸੀ। ਇੰਨੀ ਠੰਡ ਵਿੱਚ ਭੁੰਜੇ ਬੈਠੇ ਹਰ ਉਮਰ ਦੇ ਮੇਹਨਤੀ ਲੋਕ ਸਨ ਜਿੰਨਾ ਵਿੱਚ ਵਡੇਰੀ ਉਮਰ ਦੇ ਬੁੱਢੇ ਬੁਢੀਆਂ ਤੇ ਨੋ ਜਵਾਨ ਮੁੰਡੇ ਕੁੜੀਆਂ ਸ਼ਾਮਿਲ ਸਨ। ਓਹਨਾ ਲਈ ਇਹ ਦੂਸਰੇ ਸਰੀਰਕ ਕੰਮਾਂ ਨਾਲੋਂ ਘੱਟ ਮੇਹਨਤ ਵਾਲਾ ਕੰਮ ਹੈ ਤੇ ਚਾਰ ਛਿੱਲੜ ਬਣ ਵੀ ਜਾਂਦੇ ਹਨ। ਬਠਿੰਡੇ ਦੀ ਸਬਜ਼ੀ ਮੰਡੀ ਵਾਹਵਾ ਵਿਕਸਿਤ ਹੈ ਤੇ ਸ਼ੁਰੂ ਵਿੱਚ ਹੀ ਕੰਧ ਨਾਲ ਇਹ ਸੱਠ ਸੱਤਰ ਲੋਕ ਬੈਠੇ ਹਨ। ਇਸ ਲਈ ਗ੍ਰਾਹਕੀ ਥੋੜੀ ਮੰਦੀ ਹੈ। ਮੈਨੂੰ ਥੋੜ੍ਹਾ ਤਰਸ ਆ ਗਿਆ ਤੇ ਮੈਂ ਦੋ ਜਣਿਆ ਤੋਂ ਛੋਲੂਆ ਖਰੀਦ ਲਿਆ ਸੀ।
ਬੱਸ ਐਸੀ ਮੇਹਰ ਹੋਈ ਕਿ ਦੋ ਮਿੰਟਾਂ ਵਿੱਚ ਚੱਟਣੀ ਦੀ ਭਰੀ ਕੌਲੀ ਮੇਰੇ ਮੂਹਰੇ ਸੀ। ਮੈਂ ਦੋਵੇਂ ਹੱਥ ਜੋੜਕੇ ਪਹਿਲਾਂ ਰੱਬ ਦਾ ਸ਼ੁਕਰਾਨਾ ਕੀਤਾ ਫਿਰ ਮਹਿਮੇ ਸਰਕਾਰੀ ਦੀ ਜਾਈ ਦਾ। ਇਹ ਤਾਂ ਜਰੂਰੀ ਵੀ ਸੀ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ