ਸਾਡੇ ਕਪੜੇ ਪ੍ਰੈਸ ਕਰਨ ਵਾਲੇ ਲੜਕੇ ਦੀ ਭੈਣ ਦਾ ਵਿਆਹ ਸੀ। ਉਹ ਸਾਰਾ ਪਰਿਵਾਰ ਵਿਆਹ ਕਰਨ ਲਈ ਬਿਹਾਰ ਚਲੇ ਗਏ। ਇਥੋਂ ਦੇ ਕੰਮ ਦੀ ਜਿੰਮੇਦਾਰੀ ਉਹਨੇ ਬੰਬਈ ਤੋਂ ਆਏ ਆਪਣੇ ਵੱਡੇ ਪ੍ਰਾਹੁਣੇ ਨੂੰ ਸੰਭਾਲ ਦਿੱਤੀ ਜੋ ਉਥੇ ਇਹੀ ਕੰਮ ਕਰਦਾ ਸੀ। ਮੈਂ ਇੰਨਾ ਸ਼ਰੀਫ ਜਵਾਈ ਕਦੇ ਨਹੀਂ ਵੇਖਿਆ। ਜੋ ਸੋਹਰਿਆਂ ਦਾ ਇੰਨਾ ਖਿਆਲ ਰੱਖੇ। ਹਾਲਾਂਕਿ ਉਸਦਾ ਵਿਆਹ ਨੂੰ ਅਜੇ ਤਿੰਨ ਕੁ ਸਾਲ ਹੀ ਹੋਏ ਹਨ। ਉਹ ਬਿਚਾਰਾ ਦਿਨ ਰਾਤ ਕਪੜੇ ਪ੍ਰੈਸ ਕਰਦਾ ਰਹਿੰਦਾ। ਕਿਉਂਕਿ ਦੋ ਆਦਮੀਆਂ ਦਾ ਕੰਮ ਉਸ ਇੱਕਲੇ ਦੇ ਪੇਟੇ ਪਿਆ ਸੀ। ਜਦੋਂ ਟਾਈਮ ਲਗਦਾ ਉਹ ਦਾਲ ਚਾਵਲ ਉਬਾਲਕੇ ਖਾ ਲੈਂਦਾ। ਇੱਕ ਵਾਰੀ ਜਦੋ ਅਸੀਂ ਰਾਤੀ ਨੌ ਕੁ ਵਜੇ ਕਪੜੇ ਲੈਣ ਗਏ ਤਾਂ ਉਸਨੇ ਨੇ ਦੱਸਿਆ ਕਿ ਉਸਨੇ ਸਵੇਰ ਦਾ ਕੁਝ ਨਹੀਂ ਖਾਧਾ। ਉਸਦਿਨ ਅਸੀਂ ਉਸਨੂੰ ਨੇੜੇ ਦੇ ਢਾਬੇ ਤੋਂ ਖਾਣਾ ਲਿਆਕੇ ਦਿੱਤਾ। ਫਿਰ ਅਸੀਂ ਰੋਜ ਹੀ ਉਸਦੀ ਰੋਟੀ ਦੇਕੇ ਆਉਂਦੇ ਕਦੇ ਕਿਸੇ ਨੂੰ ਭੇਜਦੇ। ਸਾਡੀ ਭੇਜੀ ਰੋਟੀ ਨਾਲ਼ ਉਸਦੇ ਡਿਨਰ ਤੇ ਬ੍ਰੇਕ ਫਾਸਟ ਦਾ ਮਸਲਾ ਹੱਲ ਹੋ ਜਾਂਦਾ। ਇਹ ਸਿਲਸਿਲਾ ਕੋਈ ਦਸ ਬਾਰਾਂ ਦਿਨ ਚਲਦਾ ਰਿਹਾ।
“ਐਂਕਲ ਆਜ ਖਾਣਾ ਨਹੀਂ ਭੇਜਣਾ। ਭਈਆਂ ਭਾਬੀ ਆ ਗਏ ਹੈ। ਵੋਹ ਬਣਾ ਲੇਂਗੇ।” ਉਸਨੇ ਫੋਨ ਕਰਕੇ ਆਖਿਆ।
ਅਗਲੇ ਦਿਨ ਰਾਤੀ ਸੌਣ ਤੋਂ ਪਹਿਲਾਂ ਮੈਨੂੰ ਲੱਗਿਆ ਕਿ ਅੱਜ ਕੋਈ ਕੰਮ ਰਹਿ ਗਿਆ ਕਰਨ ਵਾਲਾ। ਮੈਨੂੰ ਅਧੂਰਾ ਜਿਹਾ ਲੱਗਿਆ। ਕਾਫੀ ਸੋਚਣ ਤੋਂ ਬਾਅਦ ਯਾਦ ਆਇਆ ਕਿ ਅੱਜ ਰੋਟੀ ਨਹੀਂ ਭੇਜੀ। ਜਿਸ ਦੀ ਆਦਤ ਜਿਹੀ ਪੈ ਗਈ ਸੀ। ਮੇਰੀ ਭਗਤਨੀ ਵੀ ਸਦੇਹਾਂ ਹੀ ਰੌਲਾ ਪਾਉਣ ਲੱਗ ਜਾਂਦੀ ਕਿ ਉਸਦੀ ਰੋਟੀ ਦੇ ਆਓ। ਜੁਆਕ ਭੁੱਖਾ ਹੋਵੇਗਾ। ਪਰ ਹੁਣ ਰੋਟੀ ਭੇਜਣ ਦੀ ਲੋੜ ਨਹੀਂ ਸੀ ਰਹੀ। ਉਸਦੀ ਰੋਟੀ ਭੇਜਕੇ ਰੂਹ ਨੂੰ ਸਕੂਨ ਜਿਹਾ ਮਿਲਦਾ ਸੀ। ਵੈਸੇ ਹਰ ਕੰਮ ਚਾਹੇ ਉਹ ਵੱਡਾ ਹੋਵੇ ਯ ਛੋਟਾ ਜਰੂਰੀ ਹੀ ਹੁੰਦਾ ਹੈ। ਗੱਲ ਸਮਝਣ ਦੀ ਹੈ।
ਊਂ ਗੱਲ ਆ ਇੱਕ
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ