“ਆਹ ਮੇਰੀਆਂ ਦਵਾਈਆਂ ਕਿਵੇਂ?”
ਮੇਜ਼ ਤੇ ਪਏ ਮੇਰੀਆਂ ਦਵਾਈਆਂ ਵਾਲੇ ਕਈ ਨਵੇਂ ਪੱਤੇ ਵੇਖਕੇ ਮੈਂ ਮੇਰੀ ਸ਼ਰੀਕ ਏ ਹਯਾਤ ਨੂੰ ਪੁੱਛਿਆ।
“ਇਹ ਤੁਹਾਡੀਆਂ ਦਵਾਈਆਂ ਲੈ ਕੇ ਆਈਂ ਹਾਂ ਮੈਂ ਅੱਜ। ਮੈਂ ਆਪਣੀਆਂ ਲਈਆਂ ਸੀ ਤੇ ਤੁਹਾਡੀਆਂ ਵੀ ਲੈ ਲਈਆਂ।” ਉਸਨੇ ਕਿਹਾ। ਦਰਅਸਲ ਪਾਪਾ ਜੀ ਦੇ ਜਾਣ ਤੋਂ ਬਾਅਦ ਮਾਤਾ ਜੀ ਤੇ ਜੁਆਕਾਂ ਦੀ ਮਾਂ ਦੀਆਂ ਦਵਾਈਆਂ ਲਿਆਉਣੀਆਂ ਮੇਰੇ ਮੁਢਲੇ ਫਰਜ਼ਾਂ ਵਿੱਚ ਸ਼ੁਮਾਰ ਸੀ। ਫਿਰ ਉਹ ਸਕੂਲੋ ਆਉਂਦੀ ਨਾਲ ਦੀਆਂ ਟੀਚਰਾਂ ਨਾਲ ਰਲਕੇ ਘਰ ਲਈ ਸਬਜ਼ੀ ਫਲ ਦੇ ਨਾਲ ਨਾਲ ਆਪਣੀਆਂ ਦਵਾਈਆਂ ਵੀ ਲਿਆਉਣ ਲੱਗ ਪਈ। ਤੇ ਅੱਜ ਮੇਰੀਆਂ ਦਵਾਈਆਂ ਵੀ ਲੈ ਆਈ।
“ਤੇਰੇ ਕਿਵੇਂ ਖਿਆਲ ਆ ਗਿਆ।’ ਮੈਂ ਹੈਰਾਨੀ ਜਿਹੀ ਨਾਲ ਪੁੱਛਿਆ।
“ਇੰਨੇ ਸਾਲ ਹੋਗੇ ਤੁਹਾਨੂੰ ਮਾਤਾ ਦੀਆਂ ਤੇ ਮੇਰੀਆਂ ਦਵਾਈਆਂ ਲਿਆਉਂਦੇ। ਮੈਂ ਸੋਚਿਆ ਚਲੋ ਤੁਹਾਡਾ ਕੁਝ ਭਾਰ ਵੰਡਾ ਲਵਾਂ। ਤੁਹਾਡੀ ਜਿੰਮੇਦਾਰੀ ਵੀ ਕੁਝ ਘਟੇ।” ਉਸ ਦੇ ਜਬਾਬ ਨੇ ਮੈਨੂੰ ਨਿਸ਼ਬਦ ਕਰ ਦਿੱਤਾ ਤੇ ਮੇਰੀ ਅੱਖ ਗਿੱਲੀ ਸੀ। ਉਸ ਦੀ ਪਾਕ ਸੋਚ ਦਾ ਮੇਰੇ ਕੋਲੇ ਕੋਈ ਜਬਾਬ ਨਹੀਂ ਸੀ। ਵਾਕਿਆ ਹੀ ਹਰ ਗ੍ਰਹਿ ਮੰਤਰੀ ਅਮਿਤ ਸ਼ਾਹ ਹੀ ਨਹੀਂ ਹੁੰਦਾ। ਕੋਈ ਗਿਆਨੀ ਜੈਲ ਸਿੰਘ ਵੀ ਹੁੰਦਾ ਹੈ।
ਊਂ ਗੱਲ ਆ ਇੱਕ
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ