1976-77 ਵਿੱਚ ਜਦੋਂ ਮੈਂ ਗੁਰੂ ਨਾਨਕ ਕਾਲਜ ਕਿੱਲੀਆਂਵਾਲੀ ਵਿੱਚ ਪੜ੍ਹਦਾ ਸੀ। ਕਾਲਜ ਦੇ ਸੀਨੀਅਰ ਵਿਦਿਆਰਥੀਆਂ ਨੇ ਰਿਆਇਤੀ ਪਾਸ ਲੈਣ ਲਈ ਸਿਨੇਮਾ ਮਾਲਿਕਾਂ ਖਿਲਾਫ ਹੜਤਾਲ ਕਰ ਦਿੱਤੀ। ਸਾਡੇ ਕਾਲਜ ਲਾਈਫ ਦੀ ਇਹ ਪਹਿਲੀ ਹੜਤਾਲ ਸੀ।
ਸਟੂਡੈਂਟ ਯੂਨੀਅਨ ਜ਼ਿੰਦਾਬਾਦ। ਸਿਨੇਮਾ ਮਾਲਿਕ ਮੁਰਦਾਬਾਦ
ਅਤੇ
ਇੱਕੀ ਦੁੱਕੀ ਚੱਕ ਦਿਆਂਗੇ,
ਲੋੜ ਪਈ ਧੱਕ ਦਿਆਂਗੇ ।
ਵਰਗੇ ਜੋਸ਼ੀਲੇ ਨਾਅਰੇ ਲਾਉਂਦੇ ਅਸੀਂ ਕਾਲਜ ਤੋਂ ਡੀਲਾਈਟ ਸਿਨੇਮਾ ਵੱਲ ਨੂੰ ਚਾਲੇ ਪਾ ਦਿੱਤੇ। ਭੀੜ ਨੂੰ ਵੇਖਕੇ ਸਿਨੇਮਾ ਮੈਨੇਜਰ ਪ੍ਰੀਤਮ ਸ਼ਰਮਾ ਆਸੇ ਪਾਸੇ ਹੋ ਗਿਆ। ਅੱਧਾ ਕ਼ੁ ਘੰਟਾ ਸਿਨੇਮੇ ਮੂਹਰੇ ਹੱਲਾ ਮਚਾਕੇ ਭੀੜ ਤਿਤਰ ਬਿਤਰ ਹੋ ਗਈ। ਸ਼ਾਮੀ ਮਾਲਿਕਾਂ ਨੂੰ ਹੜਤਾਲ ਦੀ ਸੂਚਨਾ ਦੇਣ ਗਏ ਮੈਨੇਜਰ ਨੇ ਮੇਰੇ ਨਾਮ ਦੀ ਲੂਤੀ ਮੇਰੇ ਮਾਸੜ ਚੋ ਰਾਮਧਨ ਦਾਸ ਸੇਠੀ ਨੂੰ ਲਾ ਦਿੱਤੀ। ਹੜਤਾਲੀਆਂ ਵਿੱਚ ਮੇਰਾ ਨਾਮ ਸੁਣ ਕੇ ਮੇਰੇ ਦੋਨੋ ਮਸੇਰ ਹਰਬੰਸ ਸੇਠੀ ਤੇ ਕੇ ਕੇ ਸੇਠੀ ਭੜਕ ਗਏ। ਓਹਨਾ ਨੇ ਘਰੇਲੂ ਨੌਕਰ ਤਾਣੀਏ ਨੂੰ ਭੇਜ ਕੇ ਮੈਨੂੰ ਅਤੇ ਮੇਰੇ ਪਾਪਾ ਨੂੰ ਘਰੇ ਤਲਬ ਕਰ ਲਿਆ। ਮਾਸੜ ਜੀ ਨੇ ਮੈਨੇਜਰ ਦੀ ਗੱਲ ਦੁਬਾਰਾ ਸੁਣੀ। ਪਰ ਦੋਨੇ ਸਹਿਬਯਾਦੇ ਕੁੱਝ ਜਿਆਦਾ ਹੀ ਗੁੱਸੇ ਵਿੱਚ ਸਨ।
ਬਾਹਮਣਾਂ ਤੈਨੂੰ ਚਾਰ ਸੌ ਮੁੰਡਾ ਨਾਅਰੇ ਲਾਉਂਦਾ ਨਹੀਂ ਦਿਸਿਆ ਸਿਰਫ ਰਮੇਸ਼ ਹੀ ਨਜ਼ਰ ਆਇਆ। ਇਹ ਕੋਈ ਜਲੂਸ ਦਾ ਆਗੂ ਤਾਂ ਨਹੀਂ ਸੀ। ਜੇ ਇਹ ਉਸ ਜਲੂਸ ਵਿੱਚ ਸ਼ਾਮਿਲ ਹੋਣ ਤੋਂ ਇਨਕਾਰੀ ਕਰ ਦਿੰਦਾ ਤਾਂ ਮੁੰਡਿਆਂ ਨੇ ਇਸਨੂੰ ਵੀ ਕੁੱਟ ਦੇਣਾ ਸੀ। ਹੜਤਾਲ ਵੇਲੇ ਤੂੰ ਕਿੱਥੇ ਗਿਆ ਸੀ। ਮਾਸੜ ਜੀ ਨੇ ਸਾਰੀ ਗੱਲ ਸੁਣਨ ਤੋਂ ਬਾਦ ਆਖਿਆ। ਇਸ ਤੇ ਪ੍ਰੀਤਮ ਸ਼ਰਮੇ ਨੂੰ ਕੋਈ ਗੱਲ ਨਾ ਔੜੀ । ਉਹ ਦੋਵੇਂ ਭਰਾ ਵੀ ਚੁੱਪ ਕਰ ਗਏ। ਮਾਸੜ ਜੀ ਦੀ ਦੂਰ ਅੰਦੇਸ਼ੀ ਨੇ ਮੈਨੂੰ ਬਾਇੱਜਤ ਬਰੀ ਕਰ ਦਿੱਤਾ। ਅਤੇ ਪਾਪਾ ਜੀ ਦੀਆਂ ਜੁੱਤੀਆਂ ਤੋਂ ਵੀ ਮੇਰਾ ਬਚਾਓ ਹੋ ਗਿਆ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ