ਭਾਬੀ ਆਪਣੇ ਖੂਹ ਦਾ ਤਾਂ ਥੱਲਾ ਨਿਕਲ ਆਇਆ।
ਮੇਰੇ ਬਚਪਨ ਦੀ ਗੱਲ ਹੈ। ਮੇਰੀ ਨਾਨੀ ਨੇ ਪੰਜੀਰੀ ਬਣਾ ਕੇ ਭੇਜੀ। ਡਾਲਡੇ ਘਿਓ ਆਲੀ ਚੋਰਸ ਪੀਪੇ ਚ। ਅਸੀਂ ਬੱਚੇ ਸੀ । ਸਾਂਝਾ ਪਰਿਵਾਰ ਸੀ। ਉਸ ਪੰਜੀਰੀ ਨੂੰ ਮੇਰਾ ਚਾਚਾ ਭੂਆ ਤੇ ਦਾਦਾ ਜੀ ਵੀ ਖਾਂਦੇ। ਪਾਪਾ ਜੀ ਬਾਹਰ ਰਹਿੰਦੇ ਸਨ।ਮੇਰੀ ਮਾਂ ਵੀ ਕਦੇ ਕਦੇ ਸਮਾਂ ਲਗਦਾ ਤਾਂ ਖਾ ਲੈਂਦੀ। ਬਹੁਤੀ ਤੇਰ ਮੇਰ ਨਹੀਂ ਸੀ ਹੁੰਦੀ। ਮੇਰੇ ਚਾਚਾ ਪੰਜੀਰੀ ਖਾਣ ਦਾ ਵਧੇਰੇ ਸ਼ੌਕੀਨ ਸੀ। ਸਵੇਰ ਅਤੇ ਸ਼ਾਮ ਦੀ ਚਾਹ ਨਾਲ ਜਰੂਰ ਕੋਲੀ ਭਰ ਕੇ ਖਾਂਦਾ। ਮੇਰੀ ਮਾਂ ਨੇ ਕਦੇ ਬਹੁਤਾ ਧਿਆਨ ਹੀ ਨਹੀਂ ਸੀ ਦਿੱਤਾ ਕਿ ਪੰਜੀਰੀ ਕਿੰਨੀ ਕੁ ਰਹਿ ਗਈ। ਇੱਕ ਦਿਨ ਮੇਰਾ ਚਾਚਾ ਕਹਿੰਦਾ ਕਿ ਭਾਬੀ ਆਪਣੇ ਖੂਹ ਦਾ ਥੱਲਾ ਨਿਕਲ ਆਇਆ। ਮੇਰੀ ਮਾਂ ਗੱਲ ਸਮਝੀ ਨਹੀਂ ਤੇ ਹੈਰਾਨ ਜਿਹੀ ਹੋ ਗਈ। ਫਿਰ ਮੇਰੀ ਭੂਆ ਨੇ ਦੱਸਿਆ ਕਿ ਭਾਬੀ ਪੰਜੀਰੀ ਆਲੇ ਪੀਪੇ ਦਾ ਥੱਲਾ ਨਜ਼ਰ ਆਉਣ ਲਗ ਪਿਆ ਤੇ ਪੰਜੀਰੀ ਖਤਮ ਹੋਣ ਵਾਲੀ ਹੈ।
ਅੱਜ ਜਦੋਂ 18 12 2016 ਨੂੰ ਮੇਥੇ ਵਾਲੀਆਂ ਪਿੰਨੀਆਂ ਬਨਾਈਆਂ ਤਾਂ ਮੇਰੇ ਮੇਰੀ ਮਾਂ ਦੀ ਸੁਣਾਈ ਗੱਲ ਚੇਤੇ ਆ ਗਈ। ਉਂਜ ਅੱਜ ਕੱਲ ਕੋਈ ਦੱਸਦਾ ਨਹੀਂ ਕਿ ਅਸੀਂ ਵੀ ਪਿੰਨੀਆਂ ਬਣਾ ਲਈਆਂ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ