ਸ਼ਹਿਰੋਂ ਪਿੰਡਾਂ ਨੂੰ ਜਾਣ ਵਾਲੀ ਬੱਸ ਦਾ ਇਹ ਆਖਰੀ ਟਾਈਮ ਹੈ। ਇਸ ਸਮੇਂ ਬਹੁਤ ਸਾਰੇ ਦਫ਼ਤਰੀ ਕਾਮੇ, ਪਿੰਡਾਂ ਤੋਂ ਆਉਣ ਵਾਲੇ ਮਜ਼ਦੂਰ ਜਾਂ ਕੋਈ ਦੂਰ-ਨੇੜਿਓਂ ਆਏ ਲੋਕ ਹੀ ਹੁੰਦੇ ਹਨ। ਮੁਲਾਜ਼ਮ ਵੀ ਕੁੱਝ ਸਾਲਾਂ ਦੀ ਤਨਖਾਹ ਤੋਂ ਬਾਅਦ ਸ਼ਹਿਰੀ ਬਣ ਜਾਂਦੇ ਹਨ ਜਾਂ ਫਿਰ ਆਪਣਾ ਸਾਧਨ ਬਣਾ ਲੈਂਦੇ ਹਨ ਪਰ ਹੱਥੀਂ ਕਿਰਤ ਕਰਨ ਵਾਲਿਆਂ ਲਈ ਤਾਂ ਇਹ ਇੱਕੋ ਇੱਕ ਸਾਧਨ ਬੱਸ ਹੀ ਹੈ।
ਇਨ੍ਹਾਂ ਦਿਨਾਂ ਵਿੱਚ ਪੈ ਰਹੀ ਅੰਤਾਂ ਦੀ ਗਰਮੀ ਅਤੇ ਬੱਸ ਵਿਚਲੀ ਭੀੜ ਕਾਰਨ ਸਾਹ ਲੈਣਾ ਵੀ ਔਖਾ ਹੋ ਰਿਹਾ ਹੈ। ਕੰਡਕਟਰ ਅਜੇ ਵੀ ਸੀਟੀਆਂ ਮਾਰ ਅਤੇ ਹੋਕੇ ਦੇ ਸਵਾਰੀਆਂ ਨੂੰ ਬੁਲਾ ਰਿਹਾ ਹੈ। ਜਦੋਂ ਕੋਈ ਅਕਲ੍ਹਕਾਣ ਹੋਇਆ ਉਸ ਨੂੰ ਤੁਰਨ ਲਈ ਕਹਿੰਦਾ ਹੈ ਤਾਂ ‘ਅਜੇ ਟਾਈਮ ਰਹਿੰਦਾ’ ਦਾ ਵਾਕ ਦੁਹਰਾ ਛੱਡਦਾ ਹੈ।
ਭੀੜ ਨੂੰ ਚੀਰਦੇ ਹੋਏ ਕਦੇ ਕੋਈ ਛੱਲੀਆਂ ਵਾਲਾ, ਦਾਲ-ਭੁਜੀਏ ਜਾਂ ਕੋਈ ਹੋਰ ਸਮਾਨ ਵੇਚਣ ਵਾਲਾ ਆ ਜਾਂਦਾ ਹੈ ਤਾਂ ਭੀੜ ਵਿਚੋਂ ਕੋਈ ਬੁਰਾ ਭਲਾ ਬੋਲਦਾ ਹੈ ਤਾਂ ਕੋਈ ਦੂਸਰਾ ਕਹਿੰਦਾ ‘ਕਾਹਨੂੰ ਉਹ ਨੇ ਵੀ ਜੁਆਕ ਪਾਲਣੇ ਆ।’ ਬੱਸ ਦੀ ਛੱਤ ਤੇ ਠੋਕਰ ਮਾਰ ਇੱਕ ਚੂਰਨ ਵੇਚਣ ਵਾਲਾ ਸਭ ਦਾ ਧਿਆਨ ਖਿੱਚਣ ਦੀ ਕੋਸ਼ਿਸ਼ ਕਰਦਾ ਹੈ ਅਤੇ ਆਪਣੇ ਚੂਰਨ ਬਾਰੇ ਲੰਬਾ ਚੌੜਾ ਬੋਲਦਾ ਹੋਇਆ ਚੱਕਰ ਪੂਰਾ ਕਰਦਾ ਹੈ ਪਰ ਕੋਈ ਗਾਹਕ ਨਹੀਂ ਮਿਲਦਾ। ਉਹ ਮਾਯੂਸ ਹੋਇਆ ਅੱਧਖੜ੍ਹ ਉਮਰ ਦੇ ਆਦਮੀਆਂ ਕੋਲ ਜਾ ਮਿੰਨਤ ਵਾਂਗ ਕਹਿੰਦਾ ਹੈ ‘ਲੈ ਲਵੋ ਵੀਰ ਜੀ। ਮੈਂ ਸਾਰਾ ਕੁੱਝ ਇਕੱਠਾ ਕਰ ਆਪਣੇ ਹੱਥੀਂ ਤਿਆਰ ਕੀਤਾ ਹੈ, ਇਕਦਮ ਸ਼ੁੱਧ ਅਤੇ ਸਾਫ ਸੁਥਰਾ ਹੈ। ਵੇਲੇ ਕੁਵੇਲੇ ਘਰ ਵਿੱਚ ਵੱਧ ਘੱਟ ਖਾਣ ਨਾਲ ਢਿੱਡ ਪੀੜ ਹੋਣ ਤੇ ਇੱਕ ਚਮਚਾ ਚੂਰਨ ਖਾਓ ਤੇ ਪੰਜ ਮਿੰਟਾਂ ਵਿੱਚ ਠੀਕ।’
“ਕੀ ਕਰਨਾ ਭਰਾਵਾ ਇਹ ਅਸੀਂ। ਸਾਡੇ ਢਿੱਡ ਪੀੜ ਵੱਧ ਖਾਣ ਨਾਲ ਨਹੀਂ ਬਲਕਿ ਰੋਟੀ ਨਾ ਮਿਲਣ ਕਰਕੇ ਹੁੰਦੀ ਹੈ। ਸਾਨੂੰ ਚੂਰਨਾਂ ਦੀ ਕੀ ਲੋੜ ਹੈ।ਇਹ ਵੱਡੇ ਢਿੱਡ ਵਾਲੇ ਅਮੀਰਾਂ ਨੂੰ ਵੇਚ…।”
“ਉਹ ਕਦੋਂ ਸਾਡੇ ਤੋਂ ਲੈਂਦੇ ਹਨ, ਉਨ੍ਹਾਂ ਨੂੰ ਤਾਂ ਛਿੱਕ ਵੀ ਆਵੇ ਤਾਂ ਇਲਾਜ ਲਈ ਅਮਰੀਕਾ ਪਹੁੰਚ ਜਾਂਦੇ ਹਨ। ਇਹ ਤਾਂ ਹਮਾਤੜ ਹੀ ਹਮਾਤੜ ਦੇ …।”
“ਭਰਾਵਾ ਟੁਟਵੀਂ ਦਿਹਾੜੀ ਮਿਲ਼ਣ ਕਰਕੇ ਰਾਸ਼ਨ ਹੀ ਮਸਾਂ ਲਿਆ ਜਾਂਦਾ, ਚੂਰਨ- ਚਾਰਨ ਕਿੱਥੇ..।” ਚੂਰਨ ਵਾਲਾ ਮਾਯੂਸ ਹੋ ਦੂਸਰੀ ਬੱਸ ਵੱਲ ਚੱਲ ਪੈਂਦਾ ਹੈ। ਕਿਰਤੀ ਵਰਗ ਦੀ ਬੇਵਸੀ ਕਈ ਚਿਹਰੇ ਉਦਾਸ ਕਰ ਦਿੰਦੀ ਹੈ।
ਗੁਰਮੀਤ ਸਿੰਘ ਮਰਾੜ੍ਹ ਮੋ:9501400397