ਹੈਲੋ, ਸੇਠੀ ਸਾਹਿਬ ਬੋਲਦੇ ਹੋ?
ਹਾਂਜੀ ਹਾਂਜੀ ਬੋਲ ਰਿਹਾ ਹਾਂ ਜੀ।”
” ਜੀ ਮੈਂ ਫਲਾਣਾ ਫਲਾਣਾ ਬੋਲ਼ ਰਿਹਾ ਹਾਂ ਸਰਸਾ ਤੋਂ।” ਉਸਨੇ ਆਪਣੀ ਪਹਿਚਾਣ ਦੱਸੀ। ਜੋ ਮੈਂ ਉਸਦੇ ਦੱਸਣ ਤੋਂ ਪਹਿਲਾਂ ਹੀ ਸਮਝ ਗਿਆ ਸੀ। ਕਿਉਂਕਿ ਅੱਜ ਸਵੇਰੇ ਜਿਉ ਹੀ ਮੈਂ ਉਸਦੀ ਫ੍ਰੈਂਡ ਰਿਕੁਐਸਟ ਸਵੀਕਾਰ ਕੀਤੀ ਤਾਂ ਉਸਨੇ ਮੈਨੂੰ ਮਸੇਂਜਰ ਤੇ ਆਪਣਾ ਨੰਬਰ ਦਿੰਦੇ ਹੋਏ ਨੇ ਕਾਲ ਕਰਨ ਲਈ ਬੇਨਤੀ ਕੀਤੀ। ਮੈਂ ਉਸਨੂੰ ਕਾਲ ਕਰੀ ਵੀ ਪਰ ਓਹ ਫੋਨ ਚੁੱਕ ਨਹੀਂ ਸੀ ਸਕਿਆ। ਤਾਂਹੀਓਂ ਉਸਨੇ ਮੈਨੂੰ ਹੁਣ ਫੋਨ ਕੀਤਾ ਸੀ।
“ਸਰ ਜੀ ਮੈਂ ਹੈਲਥ ਸਪਲੀਮੈਂਟ ਦੀ ਮਾਰਕੀਟਿੰਗ ਕਰਦਾ ਹਾਂ। ਪਹਿਲੇ ਮਹੀਨੇ ਮੈਨੂੰ ਦੋ ਲੱਖ ਦੀ ਆਮਦਨ ਹੋਈ ਤੇ ਮੈਂ ਛੇ ਮਹੀਨੇ ਤੋਂ ਇਹ ਕੰਮ ਕਰ ਰਿਹਾ ਹਾਂ।” ਉਸਨੇ ਪਹਿਲੇ ਹੱਲੇ ਹੀ ਮੈਨੂੰ ਦੋ ਲੱਖ ਦਾ ਲਾਲਚ ਦੇਕੇ ਆਪਣੇ ਜਾਲ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ।
ਮੈਂ ਆਪਣੀ ਫ੍ਰੀ ਲਾਈਫ ਜੀਅ ਰਿਹਾ ਹਾਂ। ਮੈਨੂੰ ਕਮਾਈ ਦੀ ਕੋਈਂ ਲੋੜ ਨਹੀਂ। ਮੈਂ ਸਾਹਿਤ ਨਾਲ ਜੁੜਿਆ ਹੋਇਆ ਹਾਂ। ਸਾਹਿਤ ਪੜ੍ਹਨਾ ਤੇ ਕੁਝ ਨਾ ਕੁਝ ਲਿਖਣਾ ਮੇਰੀ ਰੁਚੀ ਹੈ। ਮੇਰੇ ਕੋਲ ਸਾਹਿਤਕਾਰਾਂ ਨੂੰ ਮਿਲਣ ਤੋਂ ਹੀ ਵਹਿਲ ਨਹੀਂ।” ਮੈਂ ਸਪਸ਼ਟ ਸ਼ਬਦਾਂ ਵਿੱਚ ਉਸ ਨੂੰ ਜਵਾਬ ਦੇ ਦਿੱਤਾ।
“ਪਰ ਸਰ ਜੀ ਤੁਸੀਂ ਕੁਝ ਨਹੀਂ ਕਰਨਾ। ਬੱਸ ਥੋੜੀ ਜਿਹੀ ਮੇਹਨਤ ਨਾਲ ਚੰਗੀ ਕਮਾਈ ਹੋ ਜਾਵੇਗੀ। ਬਿਨਾਂ ਮੇਹਨਤ ਦੇ ਵਾਧੂ ਕਮਾਈ।” ਉਸ ਨੇ ਆਪਣਾ ਅਖੀਰਲਾ ਹਥਿਆਰ ਵਰਤਿਆ।
ਮੈਂ ਫੋਨ ਕੱਟ ਦਿੱਤਾ। ਉਸਦਾ ਮਤਲਬ ਸੀ ਕਿ ਮੈਂ ਉਸਦੇ ਪ੍ਰੋਡਕਟ ਦੀ ਮਾਰਕੀਟਿੰਗ ਕਰਾਂ। ਆਪਣੀ ਜਾਣ ਪਹਿਚਾਣ ਵਾਲਿਆਂ ਨੂੰ ਝੂਠੇ ਸੁਫ਼ਨੇ ਦਿਖਾਕੇ ਉਸ ਕੰਪਨੀ ਦਾ ਸਮਾਨ ਵੇਚਾਂ ਤੇ ਅੰਨ੍ਹਾਂ ਮੁਨਾਫ਼ਾ ਕਮਾਵਾਂ। ਕਿਉਂਕਿ ਬਈ ਸਾਰੀ ਉਮਰ ਨੌਕਰੀ ਕਰਕੇ ਜੇ ਢਿੱਡ ਨਹੀਂ ਭਰਿਆ ਤਾਂ ਹੁਣ ਆਪਣਿਆਂ ਦੀ ਜੇਬ ਤੇ ਡਾਕਾ ਕਿਓਂ ਮਾਰਾਂ। ਮੇਰਾ ਨਵਾਂ ਬਣਿਆ ਫਬਫ੍ਰੈਂਡ ਮੈਨੂੰ ਬਿਨਾਂ ਮੇਹਨਤ ਤੋਂ ਹੀ ਲੱਖਾਂ ਦੇ ਵਾਰੇ ਨਿਆਰੇ ਕਰਨ ਦਾ ਗੁਰ ਦੱਸ ਰਿਹਾ ਸੀ। ਪਰ ਮੇਰਾ ਮਨ ਨਹੀਂ ਮੰਨਿਆ।
ਹਾਂ ਜੇ ਕੋਈਂ ਆਪਣੀ ਜ਼ਮੀਰ ਮਾਰਕੇ, ਆਪਣੇ ਕਰੀਬੀਆਂ, ਰਿਸ਼ਤੇਦਾਰਾਂ, ਦੋਸਤਾਂ ਨੂੰ ਝੂਠੇ ਸੁਫ਼ਨੇ ਦਿਖਾਕੇ, ਬਿਨਾਂ ਮੇਹਨਤ ਦੇ ਅੰਨ੍ਹੀ ਕਮਾਈ ਕਰਨੀ ਚਾਹੁੰਦਾ ਹੋਵੇ ਤਾਂ ਮੈਥੋਂ ਉਸਦਾ ਫੋਨ ਨੰਬਰ ਲ਼ੈ ਸਕਦਾ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ