ਦੋਨੋਂ ਤਾਨਾਸ਼ਾਹ, ਦੋਨੋ ਜਰਵਾਣੇ, ਦੋਨੋ ਕਤਲਗਾਹ ਦੇ ਜਲਾਦ, ਦੋਨੋਂ ਮਨੁਖਤਾ ਦੇ ਕਾਤਲ ਪਰ ਫਰਕ ਇਹ ਕਿ ਹਿਟਲਰ ਹਾਰ ਗਿਆ ਸਟਾਲਿਨ ਜਿਤ ਗਿਆ। ਹਿਟਲਰ ਦੇ ਜੁਲਮ ਨਸ਼ਰ ਹੋ ਗਏ ਸਟਾਲਿਨ ਦੇ ਦਬ ਗਏ। ਹਿਟਲਰ ਜਰਵਾਣਾ ਹੋ ਗਿਆ ਸਟਾਲਿਨ ਇਨਕਲਾਬੀ।
ਬਸ ਜਿਤ ਹਾਰ ਦਾ ਹੀ ਫਰਕ ਰਿਹਾ ਬਾਕੀ ਤਾਨਾਸ਼ਾਹ ਦੋਨੋਂ ਹੀ ਕਸਰ ਦੋਨਾ ਨਹੀ ਛਡੀ।
ਹਿਟਲਰ ਅਤੇ ਸਟਾਲਿਨ ਵਿਚ ਪਰ ਇਕ ਵਡਾ ਫਰਕ ਸੀ ਹਿਟਲਰ ਨੇ ਓਹ ਲੋਕ ਮਾਰੇ ਜੀਹਨਾ ਨੂੰ ਓਹ ਅਪਣੇ ਦੁਸ਼ਮਣ ਸਮਝਦਾ ਸੀ ਪਰ ਸਟਾਲਿਨ ਨੇ ਤਾਂ ਓਹ ਵੀ ਨਹੀ ਛਡੇ ਜਿਹੜੇ ਉਸ ਦੇ ਅਪਣੇ ਮੁਲਖ ਦੇ ਸਨ ਅਤੇ ਇਸ ਤੋਂ ਵੀ ਅਗੇ ਜਿਹੜੇ ਇਨਕਲਾਬ ਦੇ ਦਿਨਾ ਵਿਚ ਇਨਕਲਾਬ ਲਈ ਲੜਦੇ ਰਹੇ ਸਨ ਅਤੇ ਮੂਹਰਲੀਆਂ ਕਤਾਰਾਂ ਦੇ ਗੁਰੀਲੇ ਰਹਿ ਚੁਕੇ ਸਨ।
ਹਿਟਲਰ ਜਰਵਾਣਾ ਸੀ ਪਰ ਅਪਣੇ ਲੋਕਾਂ ਅਤੇ ਟੱਬਰ ਪ੍ਰਤੀ ਈਮਾਨਦਾਰ ਸੀ ਜਦ ਕਿ ਸਟਾਲਿਨ ਨੇ ਨਾ ਅਪਣੇ ਲੋਕ ਨਾ ਟੱਬਰ ਬਖਸ਼ਿਆ।
ਲਿਓ ਟਰੈਸਕੀ ਨਾ ਦਾ ਇਨਕਲਾਬੀ ਜਿਹੜਾ ਲੈਨਿਨ ਵੇਲੇ ਮੂਹਰਲੀਆਂ ਸਫਾਂ ਦਾ ਲੀਡਰ ਸੀ ਉਸ ਨੂੰ ਜਲਾਵਤਨ ਯਾਣੀ ਜਲੀਲ ਕਰ ਕਰ ਕੇ ਮਾਰਿਆ ਸਟਾਲਿਨ ਨੇ। ਰੂਸ ਵਿਚ ਉਸ ਦੇ ਛੋਟੇ ਪੁੱਤਰ ਸਰਗੋਈ ਨੂੰ ਇਸ ਕਰਕੇ ਤੜਫਾ ਤੜਫਾ ਮਾਰਿਆ ਕਿ ਓਹ ਸਟੇਟਮੈਂਟ ਦੇਵੇ ਕਿ ਪਿਓ ਉਸ ਦਾ ਹਿਟਲਰ ਨਾਲ ਰਲ ਗਿਆ ਹੈ।
ਸਟਾਲਿਨ ਨੇ ਕੋਈ ਓਹ ਪੁਰਾਣਾ ਸਾਥੀ ਜਾਂ ਜਰਨੈਲ ਨਹੀ ਛਡਿਆ ਜਿਸ ਬਾਰੇ ਉਸ ਨੂੰ ਭੋਰਾ ਵੀ ਸ਼ਕ ਹੋਇਆ ਕਿ ਇਹ ਮੇਰੇ ਲਈ ਸਿਰਦਰਦੀ ਬਣ ਸਕਦਾ ਹੈ ਜਾਂ ਬੋਲਣ ਦੀ ਜੁਅਰਤ ਕਰ ਸਕਦਾ ਹੈ।
ਇਹ ਗਲ ਲੈਨਿਨ ਵੀ ਕਹਿ ਗਿਆ ਸੀ ਕਿ ਉਸ ਨੇ ਸਟਾਲਿਨ ਨੂੰ ਪਾਰਟੀ ਦਾ ਸਕੱਤਰ ਥਾਪ ਕੇ ਗਲਤੀ ਕੀਤੀ ਅਤੇ ਆਖਰ ਵਿਚ ਉਸ ਨੇ ਸਟਾਲਿਨ ਨਾਲੋਂ ਸਬੰਧ ਤੋੜ ਲਏ ਪਰ ਓਦੋਂ ਤਕ ਸਟਾਲਿਨ ਪਾਰਟੀ ਅੰਦਰ ਤਾਕਤ ਫੜ ਚੁਕਾ ਸੀ ਅਤੇ ਲੈਨਿਨ ਬੇਬਸ। ਅਤੇ ਸ਼ੱਕ ਕੀਤਾ ਜਾਂਦਾ ਰਿਹਾ ਕੀ ਛੇਤੀ ਗੱਦੀ ਸਾਂਭਣ ਦੇ ਗੇੜ ਵਿਚ ਜਹਿਰ ਦੇ ਕੇ ਲੈਨਿਨ ਨੂੰ ਸਮੇ ਤੋਂ ਪਹਿਲਾਂ ਹੀ ਤੁਰਦਾ ਕਰ ਦਿਤਾ ਗਿਆ। ਇਥੇ ਤਕ ਕਿ ਗੋਰਕੀ ਦੀ ਮੌਤ ਨੂੰ ਵੀ ਸਟਾਲਿਨ ਵਲੋਂ ਉਸ ਦਾ ਖੂਨ ਕੀਤਾ ਸਮਝਿਆ ਜਾਂਦਾ ਰਿਹਾ।
ਬਾਕੀ ਕਾਮਰੇਡਾਂ ਦੀ ਛਡੋ ਪਰ ਬੋਲਣ ਦੀ ਅਜਾਦੀ ਉਪਰ ਬੁੜਕਣ ਵਾਲੇ ਪੰਜਾਬ ਦੇ ਕਾਮਰੇਡ ਇਸ ਗਲੇ ਹਮੇਸ਼ਾਂ ਚੁਪ ਰਹੇ ਕਿ ਸਟਾਲਿਨ ਦੀ ਤਾਨਾਸ਼ਾਹੀ ਹੇਠ ਰੂਸ ਦੇ ਲੋਕਾਂ ਨੂੰ ਬੋਲਣ ਦੀ ਕੀਮਤ ਕਿੰਨੀ ਮਹਿੰਗੀ ਤਾਰਨੀ ਪਈ ਅਤੇ ਲਖਾਂ ਲੋਕਾਂ ਦੀ ਬਲੀ ਦੇ ਕੇ ਤਾਰਨੀ ਪਈ।
ਸਟਾਲਿਨ ਨੇ ਅਪਣੀ ਫੌਜ ਦੇ ਜਰਨੈਲ ਅਤੇ ਪਾਰਟੀ ਦੇ ਮੈਂਬਰ ਦਾਣਿਆਂ ਤਰਾਂ ਭੁੰਨ ਸੁਟੇ ਕਿਓਕਿ ਓਹ ਸਟਾਲਿਨ ਦੀ ਤਾਨਾਸ਼ਹੀ ਵਿਰੁਧ ਬੋਲਣਾ ਚਾਹ ਰਹੇ ਸਨ।
ਚਲਦੀ ਪਾਰਟੀ ਵਿਚ 26 ਸਾਲਾ ਸਵੇਤਲਾਨਾ ਯਾਣੀ ਕੁੜੀ ਆਵਦੀ ਨੂੰ ਸਟਾਲਿਨ ਨੇ ਲੋਕਾਂ ਸਾਹਵੇਂ ਇਸ ਕਰਕੇ ਵਾਲਾਂ ਤੋਂ ਧੂਹ ਕੇ ਬਾਹਰ ਮਾਰਿਆ ਕਿਓਂਕਿ ਉਸ ਨੇ ਉਸ ਦੇ ਕਹੇ ਡਾਂਸ ਨਾ ਸੀ ਕੀਤਾ।
ਦੂਜੀ ਘਰਵਾਲੀ ਸਟਾਲਿਨ ਦੀ ਉਸ ਦੀ ਜਰਵਾਣਾ ਬਿਰਤੀ ਤੋਂ ਤੰਗ ਆ ਕੇ ਸੂਸਾਈਡ ਕਰ ਗਈ। ਸਟਾਲਿਨ ਦੇ ਸ਼ਰਾਬੀ ਪਿਓ ਤੋਂ ਜੋ ਉਸ ਨੂੰ ਛਿਤਰ ਪੌਲਾ ਮਿਲਿਆ ਸੀ ਉਸ ਨੂੰ ਉਸ ਨੇ ਬਾਖੂਬ ਲੋਕਾਂ ਉਪਰ ਕਹਿਰ ਢਾਹ ਢਾਹ ਕੇ ਮੋੜਿਆ।
ਸਟਾਲਿਨ ਦੇ ਤਾਨਾਸ਼ਾਹੀ ਕਨੂੰਨ ਮੁਤਾਬਕ 90% ਕਿਸਾਨ ਦੀ ਫਸਲ ਦਾ ਹਿਸਾ ਸਿਧਾ ਸਰਕਾਰੀ ਖਾਤੇ ਜਾਂਦਾ ਸੀ ਜਦਕਿ ਖੂਨ ਪਸੀਨਾ ਵਹਾਓਂਣ ਵਾਲੇ ਕਿਸਾਨ ਦੇ ਪੱਲੇ ਕੇਵਲ 10% ਰਹਿ ਜਾਦਾ ਜਿਸ ਤੋਂ ਤੰਗ ਆ ਕੇ ਕਿਸਾਨਾ ਨੇ ਜਦ ਰੋਸ ਪ੍ਰਗਟ ਕਰਨਾ ਚਾਹਿਆ ਤਾਂ ਕਰੀਬਨ ਤੀਹ ਲਖ ਕਿਸਾਨ ਮੌਤ ਦੇ ਘਾਟ ਉਤਾਰ ਦਿਤਾ ਗਿਆ ਅਤੇ 1930 ਤੋਂ 1936 ਤਕ 60 ਲਖ ਕਿਸਾਨ ਭੁਖ ਨਾਲ ਮਰ ਗਿਆ।
ਮਜਦੂਰਾਂ ਨੂੰ ‘ਪਰੋਡੈਕਸ਼ਨ’ ਦਾ ਟਾਰਗਿਟ ਦਿਤਾ ਜਾਂਦਾ ਸੀ ਜੇ ਓਹ ਪੂਰਾ ਨਹੀ ਸਨ ਕਰ ਪਾਓਂਦੇ ਤਾਂ ਸਾਇਬੇਰੀਆ ਦੀਆਂ ਬਰਫਾਂ ਵਿਚ ਮਰਨ ਲਈ ਭੇਜ ਦਿਤਾ ਜਾਂਦਾ ਸੀ ਜਿਥੇ ਕਈ ਦਫਾ ਭੁਖ ਤੋਂ ਤੰਗ ਆਏ ਓਹ ਇਕ ਦੂਏ ਨੂੰ ਹੀ ਮਾਰ ਮਾਰ ਖਾਣ ਲਗੇ ਸਨ।
ਸਟਾਲਿਨ ਦੀ ਤਾਨਾਸ਼ਾਹੀ ਹੇਠ ਰੂਸ ਦੇ ਕਿਸਾਨਾ ਅਤੇ ਮਜਦੂਰਾਂ ਉਪਰ ਜੋ ਕਹਿਰ ਢਾਹੇ ਜਾ ਚੁਕੇ ਨੇ ਕਾਮਰੇਡਾਂ ਨੂੰ ਝੰਡੇ ਆਵਦੇ ਵਿਚ ਦਾਤੀ ਹਥੌੜਾ ਨਹੀ ਬਲਕਿ ਖੂਨ ਨਾਲ ਭਿਜਿਆ ਕੁਹਾੜਾ ਲਾਓਂਣਾ ਚਾਹੀਦਾ ਸੀ ਜਿਸ ਨੇ ਖੁਦ ਦੇ ਮੁਲਖ ਦੇ ਲੋਕ ਇਓਂ ਵਢੇ ਜਿਵੇਂ ਜੰਗਲ ਵਢੀਦੇ ਨੇ।
ਕਾਸ਼ ਕਿਤੇ ਪੰਜਾਬ ਦਾ ਸੜਕਸ਼ਾਪ ਕਾਮਰੇਡ ਮਹਾਰਾਜਾ ਰਣਜੀਤ ਸਿੰਘ ਦੀ ਤੀਜੀ ਅਖ ਦੀ ਬਜਾਇ ਸਟਾਲਿਨ ਦੀ ਅੰਨ੍ਹੀ ਅਖ ਵਰਗਾ ਨਾਵਲ ਵੀ ਲਿਖ ਜਾਂਦਾ ਤਾਂ ਕਿ ਇਨਾ ਦੀ ਕੁਝ ਤਾਂ ਈਮਾਨਦਾਰੀ ਬਚੀ ਰਹਿੰਦੀ ਕਿ ਬੜੇ ਸਚ ਪੁਤ ਨੇ।
ਸਟਾਲਿਨ ਦੇ ਜੁਲਮਾਂ ਬਾਰੇ ਗਲ ਕਰੀਏ ਤਾਂ ਜਲਾਵਤਨੀ ਕਟ ਰਿਹਾ ਸਿਖਰ ਦਾ ਲੀਡਰ ਟਰੈਸਕੀ ਆਂਹਦਾ ਕਿ ਜਾਰ ਵੇਲੇ ਦੇ ਹੋਏ ਕਤਲਾਂ ਤੋਂ ਲੈ ਕੇ ਬਿਮਾਰੀਆਂ ਨਾਲ, ਜਲਾਵਤਨੀ ਅਤੇ ਸੰਸਾਰ ਜੰਗ ਵਿਚ ਓਨੇ ਲੋਕ ਨਾ ਮਰੇ ਸਨ ਜਿੰਨੇ ਇਕੱਲੇ ਸਟਾਲਿਨ ਨੇ ਮਾਰ ਕਢੇ ਅਤੇ ਓਹ ਇਸ ਲਾਸ਼ਾਂ ਦੇ ਢੇਰ ਉਪਰ ਉਸਰੇ ਇਸ ਇਨਕਲਾਬ ਨੂੰ ਠੱਗਿਆ ਗਿਆ ਇਨਕਲਾਬ ਮੰਨਦਾ ਸੀ ਅਤੇ ਸਟਾਲਿਨ ਨੂੰ ਦਰਿੰਦਾ ਜਿਹੜਾ ‘ਫਾਇਰਿੰਗ ਸੁਕੁਐਡ’ ਨਾ ਦੀ ਸਪੈਸ਼ਲ ਫੌਜ ਅਪਣੇ ਹੀ ਮੁਲਖ ਦੇ ਲੋਕਾਂ ਨੂੰ ਭੁੰਨਣ ਖਾਤਰ ਖੜੀ ਕਰੀ ਫਿਰਦਾ ਰਿਹਾ।
ਸਟਾਲਿਨ ਦੇ ਗੁਲਾਗ ਕੈਂਪਾਂ ਦੀ ਕਹਿਰ ਭਰੀ ਦਾਸਤਾਨ ਪੜ ਕੇ ਰੂਹ ਕੰਬ ਜਾਂਦੀ ਹੈ ਅਤੇ ਹਿਟਲਰ ਦੇ ਚੈਂਬਰਾਂ ਦੇ ਜੁਲਮ ਛੋਟੇ ਜਾਪਣ ਲਗਦੇ ਹਨ। ਗੁਲਾਗ ਕੈਂਪਾਂ ਵਿਚ ਕੋਈ ਇਕ ਕਰੋੜ 80 ਲਖ ਲੋਕ ਭੁਖ ਅਤੇ ਠੰਡ ਨਾਲ ਤੜਫਾ ਤੜਫਾ ਮਾਰੇ ਸਟਾਲਿਨ ਨੇ।
ਹਾਲੇ ਲੜਾਈ ਜਿਤਣ ਤੋਂ ਬਾਅਦ ਸਟਾਲਿਨ ਦੀਆਂ ਫੌਜਾਂ ਨੇ ਜਰਮਨੀ ਦੇ ਆਮ ਲੋਕਾਂ ਉਪਰ ਜੋ ਕਹਿਰ ਢਾਹੇ ਖਾਸਕਰ ਔਰਤਾਂ ਉਪਰ ਬਿਆਨੋ ਬਾਹਰ ਨੇ।
ਇਨਕਲਾਬ ਦਾ ਮੱਤਲਬ ਹੁੰਦਾ ਤਾਨਾਸ਼ਾਹੀ ਹੇਠੋਂ ਅਪਣੇ ਲੋਕਾਂ ਨੂੰ ਕਢ ਕੇ ਅਜਾਦ ਕਰਨਾ ਅਤੇ ਓਨਾ ਭੁਖਿਆਂ ਦਾ ਢਿਡ ਭਰਨਾ ਪਰ ਕਾਮਰੇਡਾਂ ਦਾ ਇਹ ਅਜੀਬ ਇਨਕਲਾਬ ਸੀ ਕਿ ਜਿਸ ਦੇ ਆਓਂਣ ਤੋਂ ਬਾਅਦ ਲੋਕ ਪਹਿਲਾਂ ਨਾਲੋਂ ਵੀ ਤ੍ਰਾਹ ਤ੍ਰਾਹ ਕਰ ਉਠੇ। ਪਰ ਸਾਡੇ ਵਾਲੇ ਭਾਓਂਦੂ ਕਾਮਰੇਡਾਂ ਅਜਿਹੇ ਕਰੂਰ ਇਨਕਲਾਬ ਦੇ ਢੋਲ ਕੁਟਦਿਆਂ ਧੁੰਨੀ ਤਕ ਆਦਰਾਂ ਖਿਚੀ ਰਖੀਆਂ ਆਵਦੀਆਂ।
ਮੁਲਖ ਦੀ ਤਰੱਕੀ ਦੇ ਨਾਂ ਤੇ ਖੁਦ ਦੇ ਲੋਕਾਂ ਦੇ ਸਟਾਲਿਨ ਨੇ ਅਜਿਹੇ ਆਹੂ ਲਾਹੇ ਕਿ ਉਸ ਸਾਹਵੇਂ ਹਿਟਲਰ ਦੇ ਜੁਲਮ ਛੋਟੇ ਜਾਪਣ ਲਗੇ ਅਤੇ ਇਹ ਗਲ ਇਨਾ ਦੇ ਖੁਦ ਦੇ ਹੀ ਟਰੈਸਕੀ ਵਰਗੇ ਲੀਡਰ ਕਹਿ ਗਏ।
ਯਾਦ ਰਹੇ ਜਲਾਵਤਨੀ ਕਟ ਰਹੇ ਟਰੈਸਕੀ ਨੂੰ ਸਟਾਲਿਨ ਨੇ ਮੈਕਸੀਕੋ ਵਿਚ ਜੈਕਸਨ ਨਾਂ ਦੇ ਬੰਦੇ ਤੋਂ ਸਿਰ ਵਿਚ ਕੁਹਾੜੀ ਮਾਰ ਕੇ ਮਰਵਾ ਦਿਤਾ ਸੀ ਅਤੇ ਇਹ ਗਲ ਬੇਹੋਸ਼ ਹੋਣ ਤੋਂ ਪਹਿਲਾਂ ਟਰੈਕਸੀ ਅਪਣੀ ਪਤਨੀ ਨੂੰ ਕਹਿ ਗਿਆ ਸੀ। ਜੈਕਸਨ ਦੇ ਟੱਬਰ ਨੂੰ ਮਾਰਨ ਦੀ ਧਮਕੀ ਦੇ ਕੇ ਸਟਾਲਿਨ ਕਿਆਂ ਵਲੋਂ ਭਾੜੇ ਤੇ ਤਿਆਰ ਕੀਤਾ ਗਿਆ ਸੀ ਟਰੈਸਕੀ ਦੇ ਕਤਲ ਲਈ।
ਕਹਿੰਦੇ ਇਕ ਮੀਟਿੰਗ ਖਤਮ ਤੇ ਰਸਮੀ ਤੌਰ ਤੇ ਚਰਚਿਲ ਨੇ ਸਟਾਲਿਨ ਨੂੰ ਪੁਛਿਆ ਜਦੋਂ ਕਿਸਾਨਾ ਤੋਂ ਜਮੀਨ ਖੋਹੀ, ਓਦੋਂ ਕੀ ਹੋਇਆ ਸੀ? ਸਟਾਲਿਨ ਨੇ ਕਿਹਾ ਸੰਸਾਰ ਜੰਗ ਤਾਂ ਕੁਝ ਵੀ ਨਹੀ ਉਸ ਮੁਕਾਬਲੇ ਢਾਈ ਕਰੋੜ ਕਿਸਾਨਾ ਦੇ ਜਦੋਂ ਖੇਤ ਖੋਹੇ ਓਹ ਦ੍ਰਿਸ਼ ਹੌਲਨਾਕ ਸੀ।
ਸਟਾਲਿਨ ਦੀ ਤਾਨਾਸ਼ਾਹੀ ਦੀ ਛਡੋ ਹੈਰਾਨੀ ਇਸ ਗਲੇ ਕਿ ਸਭ ਕੁਝ ਜਾਨਣ ਦੇ ਬਾਵਜੂਦ ਪੰਜਾਬ ਦੇ ਕਾਮਰੇਡ ਇਸ ਖੂੰਖਾਰ ਇਨਕਲਾਬ ਦੇ ਇਨੇ ਸ਼ੈਦਾਈ ਰਹੇ ਕਿ ਰੂਸ ਮੀਂਹ ਪੈਣ ਤੇ ਛੱਤਰੀ ਪੰਜਾਬ ਖੋਹਲੀ ਬੈਠੇ ਹੁੰਦੇ ਸਨ। ਜਦਕਿ ਜਿਹੜੇ ਧਰਮ ਦੇ ਨਾਂ ਤੇ ਮਨੁਖਤਾ ਦੇ ਘਾਣ ਦਾ ਹਰ ਸਮੇ ਸੰਘ ਪਾੜੀ ਰਖਦੇ ਰਹੇ ਨੇ।
ਸਟਾਲਿਨ ਦੇ ਖੁਦ ਦੇ ਮੁਲਖ ਵਿਚਲੇ ਢਾਹੇ ਕਹਿਰ ਹਿਟਲਰ ਦੇ ਜੁਲਮਾਂ ਸਾਹਵੇਂ ਬੌਣੇ ਜਾਪਣ ਲਗਦੇ ਹਨ ਪਰ ਜੇ ਹਿਟਲਰ ਦੀ ਥਾਂ ਸਟਾਲਿਨ ਹਾਰਿਆ ਹੁੰਦਾ ਤਾਂ ਜੋ ਥੁਕਾਂ ਹਿਟਲਰ ਦੇ ਮੂੰਹ ਤੇ ਪੈਂਦੀਆਂ ਰਹੀਆਂ ਹੁਣ ਤਕ ਓਹ ਥੁਕਣ ਵਾਲੇ ਮੂੰਹ ਸਟਾਲਿਨ ਵੰਨੀ ਹੋਣੇ ਸਨ ਜਿੰਨ ਅਪਣੇ ਹੀ ਲੋਕਾਂ ਦੇ ਵਢ ਵਢ ਢੇਰ ਲਾ ਦਿਤੇ।
ਕਹਿੰਦੇ ਬੰਦਾ ਜਿੰਨਾ ਜਰਵਾਣਾ ਹੁੰਦਾ ਓਨਾ ਅੰਦਰੋਂ ਬੁਜਦਿਲ ਹੁੰਦਾ ਅਤੇ ਇਹ ਓਦੋਂ ਹੋਇਆ ਜਦ ਬਿਮਾਰ ਹੋਏ ਸਟਾਲਿਨ ਨੂੰ ਵੇਖਣ ਆਏ ਡਾਕਟਰਾਂ ਨੂੰ ਉਸ ਸ਼ਕ ਦੀ ਬਿਨਾਹ ਤੇ ਜਿਹਲ ਸੁਟ ਦਿਤਾ ਕਿ ਡਾਕਟਰ ਸਾਜਸ਼ ਤਹਿਤ ਮੈਨੂੰ ਮਾਰਨ ਲਈ ਭੇਜੇ ਗਏ ਨੇ।
ਆਖਰ ਵੇਲੇ ਸਟਾਲਿਨ ਦੀ ਹਾਲਤ ਮੁਗਲਾਂ ਦੇ ਬਹਾਦਰ ਸ਼ਾਹ ਵੇਲੇ ਵਰਗੀ ਹੋ ਗਈ ਸੀ ਜਿਹੜਾ ਪਾਗਲਾਂ ਵਰਗੀਆਂ ਹਰਕਤਾਂ ਅਤੇ ਫੁਰਮਾਨ ਜਾਰੀ ਕਰਨ ਲਗ ਗਿਆ ਸੀ।
ਸਟਾਲਿਨ ਨੂੰ ਉਸ ਦੇ ਕੀਤੇ ਜੁਲਮਾਂ ਇਨਾ ਡਰਪੋਕ ਅਤੇ ਕਮਜੋਰ ਕਰ ਦਿਤਾ ਕਿ ਉਸ ਨੂੰ ਬਚਾਓਂਣ ਵਾਲੇ ਡਾਕਟਰ ਹੀ ਮਾਰਨ ਵਾਲੇ ਜਾਪਣ ਲਗ ਪਏ ਕਿਓਂਕਿ ਸਟਾਲਿਨ ਖੁਦ ਅਪਣੇ ਵਿਰੋਧੀਆਂ ਨਾਲ ਇਓਂ ਕਰਦਾ ਰਿਹਾ ਸੀ।
ਸਟਾਲਿਨ ਦੇ ਮਰਨ ਤੇ ਅਫਸੋਸ ਲਈ ਨਮ ਹੋਣ ਵਾਲੀਆਂ ਅਖਾਂ ਘਟ ਖੁਸ਼ੀ ਵਿਚ ਸ਼ੁਕਰ ਕਰਨ ਵਾਲੀਆਂ ਅਖਾਂ ਜਿਆਦਾ ਸਨ ਜੀਹਨਾ ਦੀ ਜਿੰਦਗੀ ਇਸ ਤਾਨਾਸ਼ਾਹ ਜਰਵਾਣੇ ਨੇ ਨਰਕ ਕਰ ਦਿਤੀ ਸੀ।
ਗੁਰਦੇਵ ਸਿੰਘ ਸੱਧੇਵਾਲੀਆ